ਮੋਗਾ, 14 ਮਾਰਚ:
ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਮਿਲੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ ਜਾ ਰਿਹਾ ਹੈ। ਪੁਲਿਸ ਵੱਲੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਇਸੇ ਲੜੀ ਤਹਿਤ ਮੋਗਾ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਨੂੰ 5 ਕਿੱਲੋਂ 500 ਗ੍ਰਾਮ ਹੈਰੋਇਨ ਤੇ ਇੱਕ ਹੋਂਡਾ ਇਮੇਜ਼ ਕਾਰ ਬਰਾਮਦ ਕੀਤੀ ਗਈ ਹੈ।ਇਹ ਅਪ੍ਰੇਸ਼ਨ ਐਸ.ਪੀ (ਆਈ) ਮੋਗਾ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਅਤੇ ਉਪ ਕਪਤਾਨ ਪੁਲਿਸ (ਡੀ) ਮੋਗਾ ਸ੍ਰੀ ਹਰਿੰਦਰ ਸਿੰਘ ਦੀ ਸੁਪਰਵਿਜ਼ਨ ਹੇਠ ਚਲਾਇਆ ਗਿਆ ਸੀ।
ਐਸ.ਐਸ.ਪੀ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਮਾਰਚ, 2024 ਨੂੰ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਦੀ ਨਿਗਰਾਨੀ ਹੇਠ ਸ:ਥ ਸੁਖਵਿੰਦਰ ਸਿੰਘ ਮੋਗਾ ਸਮੇਤ ਪੁਲਿਸ ਪਾਰਟੀ, ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਲਈ ਕੋਟਕਪੂਰਾ ਬਾਈਪਾਸ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਉਰਫ਼ ਜੱਸਾ ਪੁੱਤਰ ਦਰਬਾਰਾ ਸਿੰਘ ਵਾਸੀ ਚੜਿੱਕ, ਜਿਲਾ ਮੋਗਾ, ਸੰਦੀਪ ਸਿੰਘ ਉਰਫ਼ ਭੱਟੀ ਪੁੱਤਰ ਲਾਲ ਸਿੰਘ ਵਾਸੀ ਸ਼ਾਹਵਾਲਾ ਰੋਡ ਜੀਰਾ, ਸੁਖਚੈਨ ਸਿੰਘ ਉਰਫ਼ ਚੈਨਾ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਥਾਣਾ ਸਦਰ ਮੋਗਾ, ਧਰਮਪ੍ਰੀਤ ਸਿੰਘ ਉਰਫ਼ ਧੰਮੀ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਥਾਣਾ ਸਦਰ ਮੋਗਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਇਹ ਉਕਤ ਸਾਰੇ ਜਾਣੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਮੋਗਾ ਸ਼ਹਿਰ ਵਿੱਚ ਸੰਦੀਪ ਸਿੰਘ ਉਰਫ ਭੱਟੀ ਉਕਤ ਦੇ ਮਕਾਨ ਦੁਸਾਂਝ ਰੋਡ, ਮੋਗਾ ਵਿਖੇ ਹੈਰੋਇਨ ਵੇਚਣ ਲਈ ਆਏ ਹੋਏ ਹਨ।
ਇਸ ਇਤਲਾਹ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਪ ਕਪਤਾਨ ਪੁਲਿਸ (ਸਿਟੀ) ਮੋਗਾ ਸ੍ਰੀ ਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਸੰਦੀਪ ਸਿੰਘ ਉਰਫ ਭੱਟੀ ਦੇ ਮਕਾਨ ਦੁਸਾਂਝ ਰੋਡ, ਮੋਗਾ ਦੇ ਬਾਹਰ ਖੜ੍ਹੀ ਕਾਰ ਹੋਂਡਾ ਇਮੇਜ਼ ਵਿੱਚੋਂ ਸੰਦੀਪ ਸਿੰਘ ਉਰਫ ਭੱਟੀ, ਸੁਖਚੈਨ ਸਿੰਘ ਉਰਫ ਚੈਨਾ ਅਤੇ ਧਰਮਪ੍ਰੀਤ ਸਿੰਘ ਉਰਫ ਧੰਮੀ ਉਕਤਾਨ ਨੂੰ ਕਾਬੂ ਕਰਕੇ ਇਹਨਾ ਪਾਸੋ 5 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਉਕਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮੋਗਾ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
ੳਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੋਰਾਨ ਮੰਨਿਆ ਹੈ ਕਿ ਇਹ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਸਪਲਾਈ ਕਰਦੇ ਸਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਪਾਸੋ ਹੋਰ ਗਿੱਛ ਕਰਕੇ ਬੈਕਵਰਡ/ਫਾਰਵਰਡ ਬਾਰੇ ਤਫਤੀਸ਼ ਕੀਤੀ ਜਾਵੇਗੀ।
ਨਸ਼ਾ ਰੋਕੂ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ


