ਵਿਧਾਇਕ ਸੇਖੋਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼

Fazilka Politics Punjab

ਫਰੀਦਕੋਟ 19 ਸਤੰਬਰ ()।

ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਮੌਕੇ ਸਹਿਤ ਵਿਚਾਰ ਮੰਚ ਫਰੀਦਕੋਟ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫਰੀਦਕੋਟ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਵ. ਡਾ. ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਪੰਜ ਰੋਜਾ ਬਾਬਾ ਫਰੀਦ ਸਾਹਿਤ ਮੇਲੇ ਦਾ ਉਦਘਾਟਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਸ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਚੇਅਰਮੈਨ ਮਾਰਕਿਟ ਕਮੇਟੀ ਸ. ਅਮਨਦੀਪ ਬਾਬਾ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਵਿਧਾਇਕ ਸ. ਸੇਖੋਂ ਨੇ ਸਮੂਹ ਹਾਜ਼ਰੀਨ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆਂ 5 ਰੋਜਾਂ ਪੁਸਤਕ ਮੇਲਾ ਸ਼ੁਰੂ ਕਰਨ ਲਈ ਸਾਹਿਤ ਮੰਚ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਗਿਆਨ ਵੱਖਰੇ ਵੱਖਰੇ ਸੰਚਾਰ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਰਿਹਾ ਹੈ ਪਰ ਕਿਤਾਬਾਂ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਕੇ ਸਾਡੇ ਗਿਆਨ ਦੇ ਸੋਮੇ ਨੂੰ ਹੋਰ ਭਰਪੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੁਸਤਕ ਮੇਲੇ ਸਿੱਖਣ ਦੀ ਜਗਿਆਸਾ ਨੂੰ ਹੋਰ ਵਧਾਉਣ ਲਈ ਵੱਡਾ ਉਪਰਾਲਾ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਲੋਕ ਕਿਤਾਬਾਂ ਪੜ੍ਹਨ ਦੀ ਰੁੱਚੀ ਰੱਖਦੇ ਹਨ, ਨੂੰ ਸਾਨੂੰ ਨਵੀਂ ਸੇਧ ਦੇਣ ਵਾਲੇ ਸਹਿਤ ਨੂੰ ਪੜਨਾ ਚਾਹੀਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ  ਕਿਹਾ ਕਿ ਸਾਨੂੰ ਸਭ ਨੂੰ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਕਿਤਾਬਾਂ ਨੂੰ ਦੇਣਾ ਚਾਹੀਦਾ ਹੈ ਕਿਉਂ ਕਿ ਕਿਤਾਬਾਂ ਹੀ ਮਨੁੱਖ ਦੀ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਜੋ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆ ਆਯੋਜਕ ਵੱਲੋਂ ਅਜਿਹੇ ਪੁਸਤਕ ਮੇਲੇ ਦਾ ਆਯੋਜਨ ਕਰਨ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰੇਗਾ ਕਿ ਅੱਗੇ ਤੋਂ ਪੂਰੇ ਭਾਰਤ ਦੇ ਕੋਨੇ ਕੋਨੇ ਤੋਂ ਸਾਹਿਤਕਾਰ ਇਸ ਮੇਲੇ ਵਿੱਚ ਆਉਣ।

ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਪ੍ਰਸਿੱਧ ਸਹਿਤਕਾਰ ਡਾ. ਜਸਵੰਤ ਜ਼ਫ਼ਰ ਨੇ ਬਾਬਾ ਫਰੀਦ ਮੇਲੇ ਤੇ ਲਗਾਏ ਗਏ ਵਿਸ਼ਾਲ ਪੁਸਤਕ ਮੇਲੇ ਲਈ ਪ੍ਰਬੰਧਕਾਂ ਦੀ ਪ੍ਰਸ਼ੰਸ਼ਾ ਕੀਤੀ ਤੇ ਕਿਹਾ ਕਿ ਭਾਸ਼ਾ ਵਿਭਾਗ ਅਜਿਹੇ ਮੇਲਿਆਂ ਨੂੰ ਉਤਸ਼ਾਹਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਪੂਰੀ ਤਰ੍ਹਾਂ ਸਹਿਤ ਪ੍ਰੇਮੀ ਹਨ ਅਤੇ ਦੁਨੀਆ ਦੇ ਸਭ ਤੋਂ ਪਹਿਲੇ ਗਰੰਥ ਰਿਗਵੇਦ ਦੀ ਸਿਰਜਨਾ ਵੀ ਪੰਜਾਬ ਵਿੱਚ ਹੋਈ ਅਤੇ ਦੁਨੀਆ ਦੇ ਸਭ ਤੋਂ ਮਹਾਨ ਗਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਤੇ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਮਹਾਨ ਗ੍ਰੰਥ ਹਮੇਸ਼ਾ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਕਿਤਾਬਾਂ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ ਅਤੇ ਇਸ ਦੇ ਨਾਲ ਨਾਲ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ।

ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਲੱਗੇ ਬਾਬਾ ਫਰੀਦ ਪੁਸਤਕ ਮੇਲੇ ਵਿਚ ਲੋਕਾਂ ਨੇ 30 ਲੱਖ ਤੋਂ ਵਧੇਰੇ ਦੀਆਂ ਪੁਸਤਕਾਂ ਖਰੀਦੀਆਂ, ਜੋ ਉਨ੍ਹਾਂ ਦੇ ਸਹਿਤ ਪ੍ਰਤੀ ਲਗਨ ਤੇ ਪ੍ਰੇਮ ਨੂੰ ਦਰਸਾਉਂਦਾ ਹੈ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਜਸਬੀਰ ਜੱਸੀ ਵੱਲੋਂ ਨਿਭਾਈ ਗਈ।

ਇਸ ਮੌਕੇ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਅਮਨਪ੍ਰੀਤ ਸਿੰਘ ਪ੍ਰਧਾਨ, ਗੁਰਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਰਾਜਪਾਲ ਸਿੰਘ ਸੰਧੂ, ਸ਼ਿਵਜੀਤ ਸਿੰਘ ਸੰਘਾ, ਮਨਪ੍ਰੀਤ ਸਿੰਘ ਧਾਲੀਵਾਲ, ਕੁਮਾਰ ਜਗਦੇਵ ਸਿੰਘ, ਗੁਰਸੇਵਕ ਸਿੰਘ ਚਹਿਲ, ਨਿਮਰਤਪਾਲ ਸਿੰਘ ਢਿੱਲੋਂ, ਕਾਰਜ ਸਿੰਘ, ਵਿਕਾਸ ਗਰੋਵਰ, ਹਰਪ੍ਰੀਤ ਸਿੰਘ ਭਿੰਡਰ, ਸਚਦੇਵ ਸਿੰਘ ਗਿੱਲ, ਮਨਮਿੰਦਰ ਸਿੰਘ ਢਿੱਲੋਂ, ਹੁਸ਼ਿਆਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਸ਼ਮਨ ਸਿੰਘ ਸੰਘਾ, ਪ੍ਰਿੰਸੀਪਲ ਮਨਜੀਤ ਸਿੰਘ,ਕਰਨਲ ਬਰਬੀਰ ਸਿੰਘ ਸਰਾਂ,ਵਿਜੇ ਵਿਵੇਕ,ਗੁਰਮੀਤ ਕੜਿਆਲਵੀ,ਜਗਤਾਰ ਸਿੰਘ ਸੋਖੀ ਹਾਜ਼ਰ ਸਨ।