ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ

Politics Punjab

ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ‘ਈਟ ਰਾਈਟ’ ਮੇਲੇ ਦਾ ਉਦਘਾਟਨ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਅਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਇਥੇ ਰੈਡ ਕਰਾਸ ਭਵਨ ਵਿਖੇ ਲਗਾਏ ਈਟ ਰਾਈਟ ਮੇਲੇ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਨੇ ਨਿਰੋਗੀ ਜੀਵਨ ਲਈ ਪੌਸ਼ਟਿਕ ਖੁਰਾਕ ਅਤੇ ਸਰੀਰਕ ਕਸਰਤ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਤਾਂ ਹੀ ਜੀਵਨ ਦੀਆਂ ਸੁੱਖ-ਸਹੂਲਤਾਂ ਦਾ ਆਨੰਦ ਮਾਣ ਸਕਦੇ ਹਾਂ। ਉਨ੍ਹਾਂ ਸਿਹਤਮੰਦ ਰਹਿਣ ਲਈ ਲੋਕਾਂ ਨੂੰ ਰਵਾਇਤੀ ਖਾਣੇ ਦੇ ਨਾਲ-ਨਾਲ ਸਰੀਰਿਕ ਕਸਰਤ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਅਤੇ ਡਾਇਰੈਕਟਰ, ਫੂਡ ਤੇ ਡਰੱਗ ਲੈਬਜ਼, ਪੰਜਾਬ ਰਵਨੀਤ ਕੌਰ ਸਿੱਧੂ ਵੀ ਮੌਜੂਦ ਸਨ।

ਨੌਜਵਾਨਾਂ ਨੂੰ ਰਿਵਾਇਤੀ ਖੁਰਾਕ ਨਾਲ ਜੁੜਨ ਦੀ ਅਪੀਲ ਕਰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਨੌਜਵਾਨ ਪੀੜ੍ਹੀ ਨੂੰ ਜੰਕ ਫੂਡ ਨੂੰ ਛੱਡ ਕੇ ਰਵਾਇਤੀ ਭੋਜਨ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀ ਲਈ ਰੋਜ਼ਾਨਾ ਕਸਰਤ, ਯੋਗਾ, ਸੈਰ ਜ਼ਰੂਰ ਕਰਨੀ ਚਾਹੀਦੀ ਹੈ।

ਵਿਧਾਇਕ ਨੇ ਕਿਹਾ ਕਿ ਸੂਬੇ ਨੂੰ ‘ਰੰਗਲਾ ਅਤੇ ਸਿਹਤਮੰਦ ਪੰਜਾਬ’ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਰਾਜ ਭਰ ਵਿੱਚ ਅਜਿਹੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਈਟ ਰਾਈਟ ਮੇਲਾ ਸਿਹਤਮੰਦ ਜੀਵਨ ਅਤੇ ਖੁਰਾਕ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਸਾਬਤ ਹੋਵੇਗਾ।

ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੇਲਾ ਕਰਵਾਉਣ ਦਾ ਮਕਸਦ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤਮੰਦੀ ਲਈ ਜੀਵਨ ਸ਼ੈਲੀ ਵਿੱਚ ਲਿਆਂਦੀਆਂ ਜਾ ਸਕਦੀਆਂ ਕੁਝ ਮਹੱਤਵਪੂਰਣ ਤਬਦੀਲੀਆਂ ਬਾਰੇ ਜਾਗੂਰਕ ਕਰਨਾ ਹੈ, ਜਿਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ।

ਉਪਰੰਤ ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਵਿਧਾਇਕ ਰਮਨ ਅਰੋੜਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਦਾ ਸਨਮਾਨ ਕੀਤਾ ਗਿਆ।

ਮੇਲੇ ਵਿੱਚ ਲਾਈਵ ਮਿੱਲਟ ਕੁਕਿੰਗ ਸ਼ੋਅ, ਲਾਈਵ ਯੋਗਾ ਸ਼ੋਅ, ਨਿਊਟ੍ਰੀਸ਼ਨ ਮਾਹਰਾਂ ਵੱਲੋਂ ਪੈਨਲ ਚਰਚਾ, ਫੂਡ ਸਟਾਲ, ਸਿਹਤਮੰਦ ਜੀਵਨਸ਼ੈਲੀ ’ਤੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ, ਕੁਇੱਜ਼ ਮੁਕਾਬਲੇ ਤੋਂ ਇਲਾਵਾ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।

ਇਸ ਮੌਕੇ ਐਫ.ਐਸ.ਓ. ਮੁਕੁਲ ਗਿੱਲ, ਪ੍ਰਭਜੋਤ ਕੌਰ, ਰਜਨੀ ਤੋਂ ਇਲਾਵਾ ਵਿਦਿਆਰਥੀ ਵੀ ਮੌਜੂਦ ਸਨ।

Leave a Reply

Your email address will not be published. Required fields are marked *