ਫਾਜ਼ਿਲਕਾ 22 ਮਾਰਚ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਉਲੀਕੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲਿਆ ਹੈ ਉੱਥੇ ਨੌਜਵਾਨ ਪੀੜੀ ਵੀ ਨਸ਼ਿਆਂ ਦਾ ਖਾਤਮਾ ਕਰਨ ਦੇ ਰਾਹ ਤੇ ਤੁਰ ਪਈ ਹੈ| ਇਸੇ ਲੜੀ ਤਹਿਤ ਪੰਜਾਬ ਪੁਲਿਸ ਤੇ ਸਮਾਜ ਸੇਵੀ ਸੰਸਥਾ ਮਾਰਸ਼ਲ ਜਿਮ ਤੇ ਅਕੈਡਮੀ ਸਪੋਰਟਸ ਅਤੇ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਕਢੀ ਗਈ ਯੁਵਾ ਚੇਤਨਾ ਯਾਤਰਾ ਨੂੰ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ| ਉਹਨਾਂ ਕਿਹਾ ਕਿ ਇਹ ਚੇਤਨਾ ਯਾਤਰਾ ਸਭਨਾਂ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਨ ਲਈ ਚੇਤਨਾ ਜਗਾਏਗੀ ਤੇ ਇਸ ਲੜਾਈ ਵਿੱਚ ਨਵਾਂ ਜੋਸ਼ ਭਰੇਗੀ|
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦਾ ਖਾਤਮਾ ਕਰਨ ਲਈ ਪੂਰੀ ਤਰਹਾਂ ਜੁੱਟ ਗਈ ਹੈ ਤੇ ਲੋਕਾਂ ਵੱਲੋਂ ਵੀ ਇਸ ਮੁਹਿਮ ਨੂੰ ਸਫਲ ਬਣਾਉਣ ਵਿੱਚ ਪੂਰਾ ਸਾਥ ਮਿਲ ਰਿਹਾ ਹੈ| ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਲੈ ਕੇ ਹੋਂਦ ਵਿਚ ਆਈ ਪੰਜਾਬ ਸਰਕਾਰ ਹੁਣ ਨੌਜਵਾਨਾਂ ਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਕੇ ਹੀ ਸਾਹ ਲਵੇਗੀ| ਉਨ੍ਹਾਂ ਕਿਹਾ ਕਿ ਨੌਜਵਾਨ ਪੀਡ਼ੀ ਇਸ ਮਾੜੀ ਕੁਰੀਤੀ ਤੋਂ ਪੂਰੀ ਤਰ੍ਹਾਂ ਤੰਗ ਆ ਚੁਕੀ ਹੈ ਤੇ ਇਸਦੇ ਖ਼ਾਤਮੇ ਲਈ ਜੰਗੀ ਪੱਧਰ ਤੇ ਉਤਰ ਚੁਕੀ ਹੈ |
ਸ੍ਰੀ ਸਵਨਾ ਨੇ ਕਿਹਾ ਕਿ ਇਸ ਚੇਤਨਾ ਯਾਤਰਾ ਨੂੰ ਬਜਾਰਾਂ ਵਿਚ ਕਢ ਕੇ ਲੋਕਾਂ ਅੰਦਰ ਨਸ਼ਿਆਂ ਦਾ ਲੱਕ ਤੋੜਨ ਦੀ ਜੋਤ ਜਗਾਉਣਾ ਹੈ ਤਾਂ ਜੋ ਕੋਈ ਵੀ ਨੌਜਵਾਨ ਇਸ ਦਲਦਲ ਵਿਚ ਫਸ ਨਾ ਸਕੇ| ਉਨ੍ਹਾਂ ਕਿਹਾ ਕਿ ਅਨੇਕਾਂ ਨੌਜਵਾਨ ਇਸ ਦਲਦਲ ਵਿਚ ਫਸ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ, ਪਰ ਹੁਣ ਪੰਜਾਬ ਸਰਕਾਰ ਨੇ ਤੇ ਲੋਕਾਂ ਨੇ ਫ਼ੈਸਲਾ ਲੈ ਲਿਆ ਹੈ ਕਿ ਹੁਣ ਇਸ ਦਲਦਲ ਵਿਚ ਕੋਈ ਨੌਜਵਾਨ ਨੂੰ ਫਸਣ ਨਹੀਂ ਦਿੱਤਾ ਜਾਵੇਗਾ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅਪੀਲ ਕੀਤੀ ਕੀ ਇਸ ਮੁਹਿੰਮ ਵਿਚ ਇਸੇ ਤਰ੍ਹਾਂ ਵੱਧ ਚੜ ਕੇ ਸਹਿਯੋਗ ਕੀਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਹੁਣ ਅੰਜਾਮ ਤੱਕ ਪਹੁੰਚਾਇਆ ਜਾ ਸਕੇ |
ਇਸ ਮੌਕੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਦਾ ਨੌਜਵਾਨਾਂ ਨੂੰ ਸੁਨੇਹਾ ਦਿੱਤਾ |
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਯੁਵਾ ਚੇਤਨਾ ਯਾਤਰਾ ਨੂੰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ


