ਵਿਧਾਇਕ ਮਾਣੂੰਕੇ ਵੱਲੋਂ ਜਗਰਾਉਂ ‘ਚ ਫਿਊਚਰ ਟਾਈਕੂਨਜ਼ ਨੂੰ ਉਤਸ਼ਾਹਿਤ ਕਰਨ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

Ludhiana Politics Punjab

ਲੁਧਿਆਣਾ, 30 ਅਗਸਤ (000) – ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਵਿੱਚ ਫਿਊਚਰ ਟਾਈਕੂਨਜ਼ ਸਟਾਰਟ-ਅੱਪ ਚੈਲੇਂਜ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਸੀ.ਟੀ. ਯੂਨੀਵਰਸਿਟੀ ਵਿਖੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਫਿਊਚਰ ਟਾਈਕੂਨਜ਼ ਸਮਾਜ ਦੇ ਹਾਸ਼ੀਏ ‘ਤੇ ਅਤੇ ਕਮਜ਼ੋਰ ਵਰਗਾਂ ਦੀ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ ਹੈ, ਜੋ ਉਹਨਾਂ ਦੇ ਵਿਚਾਰਾਂ ਅਤੇ ਉੱਦਮਾਂ ਲਈ ਵਿੱਤੀ ਮਦਦ ਦੇ ਮੌਕੇ ਪ੍ਰਦਾਨ ਕਰਦੀ ਹੈ।

ਵਿਧਾਇਕ ਨੇ ਦੱਸਿਆ ਕਿ ਇਹ ਪ੍ਰੋਗਰਾਮ ਸੂਬੇ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਏਜੰਸੀ ‘ਸਟਾਰਟਅੱਪ ਪੰਜਾਬ’ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਸੰਭਾਵੀ ਭਾਈਵਾਲਾਂ, ਹਿੱਸੇਦਾਰਾਂ ਅਤੇ ਜਨਤਾ ਨੂੰ ਫਿਊਚਰ ਟਾਈਕੂਨਜ਼ ਸਟਾਰਟਅਪ ਚੈਲੇਂਜ ਵਿੱਚ ਸ਼ਾਮਲ ਹੋਣ ਅਤੇ ਉਹਨਾਂ ਦੇ ਪ੍ਰੋਜੈਕਟਾਂ ਲਈ ਨਵੇਂ ਵਿਚਾਰਾਂ, ਸੰਕਲਪਾਂ ਜਾਂ ਯੋਜਨਾਵਾਂ ਦਾ ਪ੍ਰਸਤਾਵ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਇਹਨਾਂ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਪੂਰਾ ਸਹਿਯੋਗ ਦੇਵੇਗਾ।

ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚਾਂਸਲਰ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਨਿਵੇਕਲੀ ਪਹਿਲਕਦਮੀ ਵਿੱਚ ਤਨ-ਮਨ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਸੀ.ਟੀ. ਯੂਨੀਵਰਸਿਟੀ ਫਿਊਚਰ ਟਾਈਕੂਨਜ਼ ਦੇ ਸੰਚਾਲਨ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ।

ਇਸ ਪ੍ਰੋਗਰਾਮ ਦੀ ਸ਼ੁਰੂਆਤ 15 ਅਗਸਤ ਨੂੰ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਕੀਤੀ ਗਈ ਸੀ।

ਭਾਗੀਦਾਰ www.futuretycoons.in ‘ਤੇ ਜਾ ਕੇ ਜਾਂ 16 ਸਤੰਬਰ ਤੱਕ ਦਫ਼ਤਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਕ ਜਾ ਕੇ ਰਜਿਸਟਰ ਕਰ ਸਕਦੇ ਹਨ। ਇਸ ਉਦੇਸ਼ ਲਈ ਇੱਕ ਸਮਰਪਿਤ ਹੈਲਪਲਾਈਨ – 96464-70777 ਵੀ ਸ਼ੁਰੂ ਕੀਤੀ ਗਈ ਹੈ। ਇਹ ਚੁਣੌਤੀ ਪੰਜ ਮੁੱਖ ਸ਼੍ਰੇਣੀਆਂ ਵਿੱਚ ਲੁਧਿਆਣਾ ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਖੁੱਲ੍ਹੀ ਹੈ ਜਿਸ ਵਿੱਚ ਖੁੱਲ੍ਹੀ ਸ਼੍ਰੇਣੀ (ਲੁਧਿਆਣਾ ਦੇ ਸਾਰੇ ਨਿਵਾਸੀਆਂ ਲਈ), ਵਿਦਿਆਰਥੀ/ਨੌਜਵਾਨ ਉੱਦਮੀ ਸ਼੍ਰੇਣੀ (16-25 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ), ਮਹਿਲਾ ਸ਼੍ਰੇਣੀ (ਵਿਸ਼ੇਸ਼ ਤੌਰ ‘ਤੇ ਮਹਿਲਾ ਉੱਦਮੀਆਂ ਲਈ), ਦਿਵਿਆਂਗ ਸ੍ਰੇਣੀ (ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ) ਅਤੇ ਸਸਟੇਨੇਬਲ ਐਗਰੀਕਲਚਰ/ਫੂਡ ਟੈਕਨਾਲੋਜੀ ਸ਼੍ਰੇਣੀ (ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ), ਅਗਲੇ ਪੜਾਵਾਂ ਲਈ ਸ਼ਾਰਟਲਿਸਟ ਕੀਤੇ ਭਾਗੀਦਾਰਾਂ ਨੂੰ ਤਿਆਰ ਕਰਨ ਹਿੱਤ ਇੱਕ ਉੱਦਮੀ ਸੰਮੇਲਨ ਅਤੇ ਬੂਟ ਕੈਂਪ ਵੀ ਆਯੋਜਿਤ ਕੀਤਾ ਜਾਵੇਗਾ।

ਸ਼ਾਰਟਲਿਸਟ ਕੀਤੇ ਭਾਗੀਦਾਰ ਫਿਰ ਜੂਰੀ ਪੈਨਲਿਸਟਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ ਜਿਸ ਵਿੱਚ ਉਦਯੋਗ ਮਾਹਰ, ਵਿੱਤੀ ਮਾਹਰ ਅਤੇ ਅਕਾਦਮੀਸ਼ੀਅਨ ਸ਼ਾਮਲ ਹੋਣਗੇ। ਜਿਊਰੀ ਰਾਊਂਡ ਦਾ ਆਯੋਜਨ 4 ਅਕਤੂਬਰ, 2024 ਨੂੰ ਹੋਵੇਗਾ। ਜਿਊਰੀ ਰਾਉਂਡ ਵਿੱਚ ਚੁਣੇ ਗਏ ਲੋਕਾਂ ਨੂੰ ਫਿਰ 7 ਤੋਂ 11 ਅਕਤੂਬਰ, 2024 ਤੱਕ ਪੰਜ ਦਿਨਾਂ ਦੇ ਸਲਾਹਕਾਰ ਪ੍ਰੋਗਰਾਮ ਵਿੱਚ ਸਲਾਹ ਦਿੱਤੀ ਜਾਵੇਗੀ। ਗ੍ਰੈਂਡ ਫਿਨਾਲੇ 15 ਅਕਤੂਬਰ, 2024 ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਵੇਗਾ।

ਹਰੇਕ ਵਰਗ ਦੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ, ਪਹਿਲੇ ਸਥਾਨ ਲਈ 30,000 ਰੁਪਏ, ਦੂਜੇ ਲਈ 20,000 ਰੁਪਏ ਅਤੇ ਤੀਜੇ ਲਈ 10,000 ਰੁਪਏ। ਇਸ ਤੋਂ ਇਲਾਵਾ, ਸੀਸੂੂ, ਇਨੋਵੇਸ਼ਨ ਮਿਸ਼ਨ, ਪੰਜਾਬ ਅਤੇ ਲੁਧਿਆਣਾ ਏਂਜਲ ਨੈੱਟਵਰਕ ਦੁਆਰਾ ਸੀਡ ਕੈਪੀਟਲ/ਐਂਜਲ ਨਿਵੇਸ਼ਾਂ ਵਜੋਂ ਕੁੱਲ 13.10 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਵਚਨਬੱਧ ਕੀਤੀ ਜਾ ਚੁੱਕੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਗੀਦਾਰਾਂ ਦੀ ਜ਼ਰੂਰੀ ਫੰਡਿੰਗ ਤੱਕ ਪਹੁੰਚ ਹੋਵੇ।