ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਮਕੈਨੀਕਲ ਸਵੀਪਿੰਗ ਦੀ ਸ਼ੁਰੂਆਤ ਕਰਵਾਈ

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਗਸਤ, 2024:
ਮੋਹਾਲੀ ਸ਼ਹਿਰ ਵਿੱਖੇ ਮੁੱਖ ਸੜਕਾਂ ਦੀ ਸਫ਼ਾਈ ਮਕੈਨੀਕਲ ਮਸ਼ੀਨਾਂ ਨਾਲ ਯਕੀਨੀ ਬਣਾ ਕੇ ਸ਼ਹਿਰ ਨੂੰ ਸਾਫ਼-ਸੁੱਥਰਾ ਬਣਾਉਣ ਦੇ ਯਤਨਾਂ ਦੇ ਮੱਦੇਨਜ਼ਰ ਐਸ.ਏ.ਐਸ. ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਵਿਦੇਸ਼ ਤੋਂ ਆਈਆਂ ਦੋ ਮਕੈਨੀਕਲ ਸਵੀਪਿੰਗ ਮਸ਼ੀਨਾਂ ਅੱਜ ਸਪੋਰਟਸ ਕੰਪਲੈਕਸ 78 ਦੇ ਬਾਹਰੋਂ ਲੋਕ ਅਰਪਣ ਕੀਤੀਆਂ ਗਈਆਂ।
      ਹਲਕਾ ਵਿਧਾਇਕ ਜਿਨ੍ਹਾਂ ਆਪਣੇ ਨਗਰ ਨਿਗਮ ਦੇ ਮੇਅਰ ਦੇ ਕਾਰਜਕਾਲ ਮੌਕੇ ਸ਼ਹਿਰ ਵਿੱਚ ਸਫ਼ਾਈ ਦੇ ਕੰਮ ਵਿੱਚ ਸੁਧਾਰ ਲਿਆਉਣ ਲਈ ਇਹ ਮਕੈਨੀਕਲ ਸਵੀਪਿੰਗ ਕਮਾਯਾਬੀ ਨਾਲ ਸ਼ੁਰੂ ਕਰਵਾਈ ਸੀ, ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਇਸ ਦੀ ਅਣਹੋਂਦ ਕਾਰਨ ਸਫ਼ਾਈ ਦਾ ਮਾਮਲਾ ਗੰਭੀਰ ਬਣਿਆ ਹੋਇਆ ਸੀ ਅਤੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਹਾਲੀ ਕੋਲ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਖ਼ਰੀਦਣ ਲਈ ਲੋੜੀਂਦੇ ਫ਼ੰਡ ਉਪਲੱਬਧ ਨਹੀਂ ਸਨ, ਜਿਸ ਉਪਰੰਤ ਉਨ੍ਹਾਂ  ਵੱਲੋਂ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਨਾਲ ਤਾਲਮੇਲ ਕਰਕੇ ਗਮਾਡਾ ਨੂੰ ਹੁਕਮ ਜਾਰੀ ਕਰਵਾਇਆ ਕਿ ਲੋੜੀਂਦੀਆਂ ਮਸ਼ੀਨਾਂ ਖ਼ਰੀਦਣ ਲਈ ਨਗਰ ਨਿਗਮ ਨੂੰ 10 ਕਰੋੜ ਰੁਪਏ ਦਿੱਤੇ ਜਾਣ। ਗਮਾਡਾ ਵੱਲੋਂ ਇਹ ਰਕਮ ਦਿੱਤੇ ਜਾਣ ਦਾ ਭਰੋਸਾ ਮਿਲਣ ਉਪਰੰਤ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਲੋੜੀਂਦੀਆਂ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਵਿਦੇਸ਼ ਵਿੱਚੋਂ ਖ਼ਰੀਦਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ, ਜਿਸ ਵਿੱਚੋਂ 2 ਮਸ਼ੀਨਾਂ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਦੀਆਂ 2 ਮਸ਼ੀਨਾਂ ਅਗਲੇ ਮਹੀਨੇ ਦੇ ਅਖ਼ੀਰ ਤੱਕ ਪਹੁੰਚਣ ਦੀ ਆਸ ਹੈ।
      ਐਮ ਐੱਲ ਏ ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਸ਼ਹਿਰ ਵਿੱਖੇ ਪਹੁੰਚ ਚੁੱਕੀਆਂ 02 ਮਕੈਨੀਕਲ ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਅੱਜ ਰਸਮੀ ਤੌਰ ਤੇ ਅਰਦਾਸ ਕਰਵਾ ਕੇ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦੋਵੇਂ ਮਸ਼ੀਨਾਂ ਰਾਤ ਨੂੰ ਰੋਜ਼ਾਨਾ 8 ਘੰਟੇ ਦੇ ਕਰੀਬ ਕੰਮ ਕਰਦੀਆਂ ਹੋਈਆਂ 110 ਕਿਲੋਮੀਟਰ ਸੜਕਾਂ ਸਾਫ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਬਾਕੀ ਦੀਆਂ 2 ਮਸ਼ੀਨਾਂ ਸਤੰਬਰ ਮਹੀਨੇ ਦੇ ਅਖ਼ੀਰ ਤੱਕ ਨਗਰ ਨਿਗਮ ਕੋਲ ਪਹੁੰਚਣ ਉਪਰੰਤ ਸ਼ਹਿਰ ਦੀਆਂ ‘ਬੀ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਵੀ ਮਕੈਨੀਕਲ ਸਵੀਪਿੰਗ ਮਸ਼ੀਨਾਂ ਨਾਲ ਕੀਤੀ ਜਾਵੇਗੀ।
    ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਉਹ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਐਸ.ਏ.ਐਸ. ਨਗਰ ਸ਼ਹਿਰ ਦੇ ਨਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਮੋਹਾਲੀ ਸ਼ਹਿਰ ਨੂੰ ਅਤਿ ਸੁੰਦਰ ਸ਼ਹਿਰ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
      ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਪ੍ਰੋਜੈਕਟ ਨੂੰ ਮੁੜ ਤੋਂ ਸ਼ੁਰੂ ਕਰਵਾ ਕੇ ਮੋਹਾਲੀ ਵਾਸੀਆਂ ਨੂੰ ਵੱਡੀ ਰਾਹਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
      ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦੀ ਖ੍ਰੀਦ ਦਾ ਖਰਚ ਗਮਾਡਾ ਵੱਲੋਂ ਕੀਤੇ ਜਾਣ ਬਾਅਦ ਇਨ੍ਹਾਂ ਨੂੰ ਚਲਾਉਣ ਤੇ ਸਾਂਭ-ਸੰਭਾਲ ਦਾ ਖਰਚ ਨਗਰ ਨਿਗਮ ਸਹਿਣ ਕਰੇਗੀ।
     ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਮੁੱਖ ਇੰਜੀਨੀਅਰ ਸਥਾਨਕ ਸਰਕਾਰਾਂ ਨਰੇਸ਼ ਬੱਤਾ, ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ, ਸੁਖਦੇਵ ਸਿੰਘ ਪਟਵਾਰੀ ਅਤੇ ਅਰੁਣਾ ਵਿਸ਼ਿਸ਼ਟ ਤੋਂ ਇਲਾਵਾ ਹੋਰ ਕਈ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।