ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ :
ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਫੇਜ਼-11 ਮੋਹਾਲੀ ਤੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਲਈ ਮੋਹਾਲੀ ਹਲਕੇ ਦਾ 7ਵਾਂ ਜੱਥਾ ਰਵਾਨਾ ਕੀਤਾ, ਇਸ ਮੌਕੇ ਸ਼ਰਧਾਲੂਆਂ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਯਾਤਰਾ ਦੇ ਦੌਰਾਨ ਇਸਤੇਮਾਲ ਕੀਤੇ ਜਾਣ ਲਈ ਲੋੜੀਂਦਾ ਸਮਾਨ ਵੀ ਤਕਸੀਮ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਲਾਭ ਅੱਜ ਬਜ਼ੁਰਗ ਵੱਡੇ ਪੱਧਰ ‘ਤੇ ਉਠਾ ਰਹੇ ਹਨ ਅਤੇ ਜਿਹੜੇ ਕਿਸੇ ਕਾਰਨ ਦੇ ਚਲਦਿਆਂ ਇਹਨਾਂ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਨਹੀਂ ਜਾ ਸਕਦੇ ਸਨ, ਉਹ ਵੀ ਸੰਗਤ ਦੇ ਰੂਪ ਵਿੱਚ ਇਕੱਠੇ ਹੋ ਕੇ ਆਪਣੀ ਧਾਰਮਿਕ ਆਸਥਾ ਨੂੰ ਕਾਇਮ ਰੱਖਣ ਦੇ ਲਈ ਯਾਤਰਾ ‘ਤੇ ਖੁਸ਼ੀ- ਖੁਸ਼ੀ ਜਾ ਰਹੇ ਹਨ।
ਇਸ ਯਾਤਰਾ ਦੇ ਨਾਲ ਨੌਜਵਾਨ ਪੀੜੀ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜੇ ਜਾਣ ਦਾ ਉਪਰਾਲਾ ਵੀ ਕੀਤਾ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਮੋਹਾਲੀ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮੁੱਦੇ ਉਠਾਏ ਹਨ, ਮੋਹਾਲੀ ਵਿਚਲੇ ਵੱਡੇ ਹਸਪਤਾਲਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਅਤੇ ਮੋਹਾਲੀ ਵਿੱਚ ਸੀ. ਸੀ. ਟੀ ਵੀ ਕੈਮਰੇ ਲਗਾਏ ਜਾਣ ਦਾ ਮੁੱਦਾ ਉਠਾਇਆ ਹੈ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਦੇ ਵਿੱਚ ਸੀ ਸੀ ਟੀ ਵੀ ਕੈਮਰੇ ਅਤੇ ਕੰਟਰੋਲ ਰੂਮ ਸਤੰਬਰ ਮਹੀਨੇ ਤੱਕ ਸਥਾਪਿਤ ਕਰਨ ਦੇ ਲਈ ਭਰੋਸਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਮੋਹਾਲੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਪੰਜਾਬ ਵਿਧਾਨ ਸਭਾ ਵਿੱਚ ਮੁੱਦੇ ਉਠਾਉਂਦੇ ਰਹਿਣਗੇ। ਉਹਨਾਂ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ 15 ਸਾਲ ਤੋਂ ਵੀ ਵੱਧ ਸਮਾਂ ਮੋਹਾਲੀ ਦੇ ਵਿੱਚ ਸੱਤਾ ਦਾ ਆਨੰਦ ਮਾਨਣ ਵਾਲੇ ਨੇਤਾਵਾਂ ਨੂੰ ਮੋਹਾਲੀ ਦੀਆਂ ਮੁਸ਼ਕਿਲਾਂ ਦੇ ਬਾਰੇ ਵਿੱਚ ਰਤਾ ਭਰ ਵੀ ਨਹੀਂ ਪਤਾ ਸੀ। ਅੰਤਰਰਾਸ਼ਟਰੀ ਨਕਸ਼ੇ ਤੇ ਉੱਭਰੇ ਸ਼ਹਿਰ ਮੋਹਾਲੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਟਰੈਫਿਕ ਦੀ ਸਮੱਸਿਆ ਤੇ ਕੰਟਰੋਲ ਪਾਏ ਜਾਣਾ ਅਤਿ ਜ਼ਰੂਰੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਲੋੜ ਦੇ ਬਾਰੇ ਇਹਨਾਂ ਨੇਤਾਵਾਂ ਨੂੰ ਜਰਾ ਜਿੰਨਾ ਵੀ ਗਿਆਨ ਨਹੀਂ ਸੀ , ਸਗੋਂ ਇਹ ਆਪਣੇ ਨਿਜੀ ਕੰਮਾਂ ਦੇ ਵਿੱਚ ਹੀ ਲੱਗੇ ਰਹਿੰਦੇ ਸਨ।
ਇਸ ਮੌਕੇ ਮੌਜੂਦ ਉਪਿੰਦਰਪ੍ਰੀਤ ਕੌਰ ਸਾਬਕਾ ਕੌਂਸਲਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯੋਜਨਾ ਦੇ ਚਲਦਿਆਂ ਲੋਕਾਂ ਵੱਲੋਂ ਸਾਕਾਰਤਮਕ ਹੁੰਗਾਰਾ ਮਿਲ ਰਿਹਾ ਹੈ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਕਦਮ ਹੈ,ਅਤੇ ਜਦੋਂ ਵੀ ਮੋਹਾਲੀ ਦੇ ਵਿੱਚ ਧਾਰਮਿਕ ਸਥਾਨਾਂ ਦੇ ਲਈ ਜੱਥਾ ਰਵਾਨਾ ਕੀਤਾ ਜਾਂਦਾ ਹੈ ਤਾਂ ਅਗਲੇ ਜਥੇ ਦੀ ਰਵਾਨਗੀ ਦੀ ਤਾਰੀਖ ਵੀ ਲੋਕੀ ਪੁੱਛਣ ਲੱਗ ਜਾਂਦੇ ਹਨ।
ਸ਼ਰਧਾਲੂ ਇਹਨਾਂ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਬਾਅਦ ਵਾਪਸ ਆਉਂਦੇ ਹਨ, ਉਹਨਾਂ ਵੱਲੋਂ ਇਹ ਸਾਫ ਕਿਹਾ ਜਾਂਦਾ ਹੈ ਕਿ ਯਾਤਰਾ ਦੇ ਦੌਰਾਨ ਉਹਨਾਂ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਮੌਕੇ ‘ਤੇ ਮੌਜੂਦ ਸ਼ਰਧਾਲੂ ਜੈ ਪ੍ਰਕਾਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਖਾਟੂਸ਼ਾਮ ਅਤੇ ਸਾਲਾਸਰ ਧਾਰਮਿਕ ਸਥਾਨਾਂ ਦੇ ਯਾਤਰਾ ‘ਤੇ ਜਾ ਰਹੇ ਹਨ। ਇਸ ਦੇ ਲਈ ਉਹ ਵਿਧਾਇਕ ਕੁਲਵੰਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਓਪਿੰਦਰਪ੍ਰੀਤ ਕੌਰ,ਸਵਰਨ ਲਤਾ, ਗੱਜਣ ਸਿੰਘ, ਡਾ. ਰਵਿੰਦਰ ਕੁਮਾਰ,ਤਰੁਣ ਸਿੰਘ, ਗੌਰੀ ਜਗਤਪੁਰਾ, ਹਰਪਾਲ ਚੰਨਾ, ਕੈਪਟਨ ਕਰਨੈਲ ਸਿੰਘ, ਰਘਵੀਰ ਸਿੰਘ, ਮੰਦਿਰ ਕਮੇਟੀ ਵੀ ਮੌਜੂਦ ਸਨ।
ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਫੇਜ਼ 11- ਮੰਦਿਰ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ 7ਵਾਂ ਜੱਥਾ- ਖਾਟੂ ਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਲਈ ਰਵਾਨਾ ਕਰਦੇ ਹੋਏ।