ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੀ.ਆਈ.ਪੀ ਰੋਡ ’ਤੇ ਜ਼ੀਰਕਪੁਰ ਵਿਖੇ 3 ਕਰੋੜ ਰੁਪਏ ਦੇ ਸੀਵਰੇਜ ਦੇ ਕੰਮ ਦੀ ਸ਼ੁਰੂਆਤ

Politics Punjab

ਡੇਰਾਬਸੀ/ਐਸ.ਏ.ਐਸ ਨਗਰ, 12 ਨਵੰਬਰ, 2024:
ਐਮ ਐਲ ਏ ਡੇਰਾਬੱਸੀ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਜ਼ੀਰਕਪੁਰ ਦੀ ਵੀ ਆਈ ਪੀ ਰੋਡ ’ਤੇ ਪਾਣੀ ਦੀ ਨਿਕਾਸੀ ਦੇ ਮਾਮਲੇ ਦਾ ਪੱਕਾ ਹੱਲ ਕਰਦਿਆਂ 3 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀ ਸੀਵਰ ਲਾਈਨ ਦੇ ਨਵੀਨੀਕਰਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਅਤੇ ਬੇਹਤਰੀਨ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੇ ਮੰਤਵ ਨਾਲ ਵੀ.ਆਈ.ਪੀ ਰੋਡ ਤੇ ਡੋਮੀਨੋਜ਼ ਸੜਕ ਤੋਂ ਪੈਂਟਾ ਹੋਮਜ਼ ਵੱਲ ਸੀਵਰੇਜ਼ ਦੀ ਪੁਰਾਣੀ ਹੋ ਚੁੱਕੀ 8 ਇੰਚ ਦੀ ਪਾਈਪ ਲਾਈਨ ਨੂੰ ਅੱਜ 20 ਸਾਲ ਬਾਅਦ ਬਦਲ ਕੇ, 3 ਕਰੋੜ ਰੁਪਏ ਦੀ ਲਾਗਤ ਨਾਲ 16 ਇੰਚ, 24 ਇੰਚ ਅਤੇ 32 ਇੰਚ ਦੀਆਂ ਪਾਈਪਾਂ ਨਾਲ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਵੀ ਆਈ ਪੀ ਰੋਡ ਕੇਵਲ ਨਾਮ ਦੀ ਵੀ ਆਈ ਪੀ ਨਹੀਂ ਬਲਕਿ ਸਹੀ ਅਰਥਾਂ ’ਚ ਵੀ ਆਈ ਪੀ ਬਣੇਗੀ ਅਤੇ ਲੋਕਾਂ ਨੂੰ ਨਿਕਾਸੀ ਪਾਣੀ ਦੀ ਮੁਸ਼ਕਿਲ ਤੋਂ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਜ਼ੀਰਕਜਪੁਰ ਸ਼ਹਿਰ ਹਰਿਆਣਾ ਦੇ ਗੁਰੂਗ੍ਰਾਮ ਦੀ ਤਰਜ਼ ’ਤੇ ਵੱਧ ਰਿਹਾ ਹੈ, ਜਿਸ ਲਈ ਹੁਣ ਤੋਂ ਹੀ ਵੱਡੀ ਯੋਜਨਾਬੰਦੀ ਦੀ ਲੋੜ ਹੈ। ਇਸ ਲਈ ਸਮੁੱਚੇ ਸ਼ਹਿਰ ਨੂੰ ਚਾਰ ਜ਼ੋਨਾਂ ’ਚ ਵੰਡ ਕੇ ਇਸ ਦੇ ਨਿਕਾਸੀ ਸੀਵਰ ਅਤੇ ਪੀਣ ਦੇ ਪਾਣੀ ਨਾਲ ਸਬੰਧਤ ਲੋੜਾਂ ਦਾ ਖਾਕਾ ਤਿਆਰ ਕੀਤਾ ਜਾਵੇਗਾ।
          ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿੱਚ ਬਿਲਡਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਸਬੰਧੀ ਪੜਤਾਲ ਕਰਵਾਈ ਜਾਵੇਗੀ ਅਤੇ ਨਜ਼ਾਇਜ਼ ਕੀਤੇ ਗਏ ਕਬਜ਼ਿਆਂ ਨੂੰ ਜਲਦੀ ਹੀ ਛਡਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਅਤੇ ਹਰ ਸ਼ਹਿਰ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ, ਪਾਰਟੀ ਆਗੂ, ਟੀਮ ਮੈਂਬਰ ਅਤੇ ਸਥਾਨਕ ਵਸਨੀਕ, ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *