ਹੁਸ਼ਿਆਰਪੁਰ, 15 ਫਰਵਰੀ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 31 ਦੇ ਮੁਹੱਲਾ ਸੈਂਟਰਲ ਟਾਊਨ ਵਿਖੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕੰਮ ਲਗਾਤਾਰ ਜਾਰੀ ਹਨ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਵਾਰਡ ਦੇ ਰਹਿੰਦੇ ਵਿਕਾਸ ਕੰਮ ਵੀ ਜਲਦ ਹੀ ਪੂਰੇ ਕੀਤੇ ਜਾਣਗੇ।
ਵਿਧਾਇਕ ਜਿੰਪਾ ਨੇ ਕਿਹਾ ਕਿ ਸਾਡੀ ਪਹਿਲ ਸਾਰੇ ਨਾਗਰਿਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਾਉਣਾ ਹੈ। ਇਸ ਦਿਸ਼ਾ ਵਿਚ ਇਹ ਵਾਟਰ ਸਪਲਾਈ ਅਤੇ ਸੀਵਰੇਜ਼ ਪ੍ਰੋਜੈਕਟ ਇਕ ਮਹੱਤਵਪੂਰਨ ਕਦਮ ਹੈ। ਇਸ ਪ੍ਰੋਜੈਕਟ ਨਾਲ ਨਾ ਕੇਵਲ ਪਾਣੀ ਦੀ ਸਮੱਸਿਆ ਹੱਲ ਕਰਨ ਵਿਚ ਮਦਦ ਮਿਲੇਗੀ, ਬਲਕਿ ਸਵੱਛਤਾ ਵਿਚ ਵੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵਾਰਡ ਨੰਬਰ 31 ਦੇ ਨਿਵਾਸੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਸਾਡਾ ਮੁੱਖ ਮੰਤਵ ਸਾਰੇ ਵਾਰਡਾਂ ਦਾ ਸੰਤੁਲਿਤ ਵਿਕਾਸ ਕਰਨਾ ਹੈ।
ਵਿਧਾਇਕ ਜਿੰਪਾ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹਿਣਗੇ ਅਤੇ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਹਰ ਨਾਗਰਿਕ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਣਾ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਹੈ। ਵਿਕਾਸ ਦੀ ਇਸ ਰਫ਼ਤਾਰ ਵਿਚ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।
ਇਸ ਮੌਕੇ ਮੌਜੂਦ ਇਲਾਕਾ ਨਿਵਾਸੀਆਂ ਨੇ ਵਿਧਾਇਕ ਵਲੋਂ ਸ਼ੁਰੂ ਕਰਵਾਏ ਗਏ ਕਾਰਜ ਦੀ ਸਰਾਹਨਾ ਕੀਤੀ ਅਤੇ ਵਾਰਡ ਨੰਬਰ 31 ਦੇ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਦੱਸਿਆ। ਇਸ ਮੌਕੇ ਮੇਅਰ ਸੁਰਿਦੰਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਮੋਨਿਕਾ ਕਤਨਾ, ਬਲਵਿੰਦਰ ਕਤਨਾ, ਅਮਰਜੋਤ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।