ਜਲਾਲਾਬਾਦ, ਫਾਜ਼ਿਲਕਾ, 21 ਜੂਨ
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਅੱਜ ਹਲਕੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਕੀਤੇ ਜਾ ਰਹੇ ਅਗੇਤੇ ਹੜ੍ਹ ਰੋਕੂ ਪ੍ਰਬੰਧਾ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਇਸ ਸਮੇਂ ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ ਅਤੇ ਡ੍ਰੇਨਜ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਿੱਛਲੇ ਸਾਲ ਸਤਲੁਜ ਵਿਚ ਆਏ ਪਾਣੀ ਕਾਰਨ ਸਰਹੱਦੀ ਪਿੰਡਾਂ ਵਿਚ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਅਜਿਹਾ ਨਾ ਹੋਵੇ ਇਸ ਲਈ ਸਬੰਧਤ ਵਿਭਾਗ ਸਮਾਂ ਰਹਿੰਦੇ ਅਗੇਤੇ ਪ੍ਰਬੰਧ ਮੁਕੰਮਲ ਕਰ ਲਵੇ। ਉਨ੍ਹਾਂ ਨੇ ਕਿਹਾ ਕਿ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਵੀ ਜਲਦ ਪੂਰਾ ਕੀਤਾ ਜਾਵੇ ਅਤੇ ਸਤਲੁਜ ਦੇ ਕਮਜੋਰ ਬੰਨ੍ਹਾਂ ਦਾ ਮੁਆਇਨਾ ਕਰਕੇ ਜਿੱਥੇ ਬੰਨ੍ਹ ਕਮਜੋਰ ਹੋਵੇ ਉਸਨੂੰ ਮਜਬੂਤ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਇਸਤੋਂ ਬਿਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਹੁਣ ਤੋਂ ਹੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਬਰਸਾਤ ਦੇ ਦਿਨਾਂ ਵਿਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਹੋਵੇ।