ਧਰਮਕੋਟ 7 ਸਤੰਬਰ,
ਪੰਜਾਬ ਸਰਕਾਰ ਨੇ ਖੇਡਾਂ ਨਾਲ ਜੁੜੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੇ ਯਤਨਾਂ ਦੀ ਲੜੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਪਿਛਲੇ ਸਾਲ ਵਾਂਗ ਕਰੋੜਾਂ ਦੇ ਇਨਾਮਾਂ ਦੀ ਵੰਡ ਵੀ ਕਰੇਗੀ ਤਾਂ ਕਿ ਉਹਨਾਂ ਦੇ ਮਨੋਬਲ ਨੂੰ ਵਧਾ ਕੇ ਨਸ਼ਿਆਂ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਚੰਗੀ ਸੋਚ ਸਦਕਾ ਹੀ ਅੱਜ ਸਾਰੇ ਜ਼ਿਲਿਆਂ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹੁਣ ਖੇਡਾਂ ਨਾਲ ਜੁੜ ਰਹੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਧਰਮਕੋਟ ਦੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ-2024 ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਨਸ਼ਾ ਰਹਿਤ ਜਿੰਦਗੀ ਜਿਉਣ ਲਈ ਪ੍ਰੇਰਿਆ।
ਜ਼ਿਲ੍ਹਾ ਖੇਡ ਅਫਸਰ ਮੋਗਾ ਸ਼੍ਰੀ ਸ਼ਾਸਵੰਤ ਰਾਜਦਾਨ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਵਿੱਚ ਫੁੱਟਬਾਲ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਐਥਲੈਟਿਕਸ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਬਲਾਕ ਧਰਮਕੋਟ ਦੀਆਂ ਖੇਡਾਂ ਸ਼ਹੀਦ ਜੈਮਲ ਸਿੰਘ ਸਰਕਾਰੀ ਸਕੂਲ ਗਲੋਟੀ ਵਿਖੇ 8 ਸਤੰਬਰ ਤੱਕ ਚੱਲਣਗੀਆਂ। ਮੋਗਾ-1 ਤੇ ਮੋਗਾ-2 ਦੀਆਂ ਬਲਾਕ ਪੱਧਰੀ ਖੇਡਾਂ ਗੋਧੇਵਾਲਾ ਇੰਨਡੋਰ ਸਟੇਡੀਅਮ ਅਤੇ ਗੁਰੂ ਨਾਨਕ ਕਾਲਜ ਮੋਗਾ ਵਿਖੇ 9 ਤੋਂ 11 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਇਹਨਾਂ ਖੇਡਾਂ ਵਿੱਚ ਖਿਡਾਰੀਆਂ ਲਈ ਉੱਚ ਦਰਜੇ ਦੀ ਡਾਈਟ ਅਤੇ ਖੇਡ ਮੈਦਾਨਾਂ ਵਿੱਚ ਹਰ ਯੋਗ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਖਿਡਾਰੀ ਉਤਸ਼ਾਹ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਸਕਣ ਅਤੇ ਨੌਜਵਾਨ ਅਜਿਹਾ ਕਰ ਵੀ ਰਹੇ ਹਨ।
ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਨੇ ਕਰਵਾਈ “ਖੇਡਾਂ ਵਤਨ ਪੰਜਾਬ 2024” ਦੇ ਬਲਾਕ ਧਰਮਕੋਟ ਦੇ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ


