ਬੁਢਲਾਡਾ/ਮਾਨਸਾ, 09 ਸਤੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਇਹ ਵਿਚਾਰ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਰੰਘੜਿਆਲ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਹਾਜ਼ਰ ਲੋਕਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪਿੰਡ ਰੰਘੜਿਆਲ ਵਿਖੇ 05 ਲੱਖ ਰੁਪੈ ਦੀ ਲਾਗਤ ਨਾਲ ਰਵਿਦਾਸ ਧਰਮਸ਼ਾਲਾ ਤਿਆਰ ਕੀਤੀ ਗਈ ਹੈ, ਕਿਉਂਕਿ ਰਵਿਦਾਸ ਭਾਈਚਾਰੇ ਲਈ ਖੁਸ਼ੀ-ਗ਼ਮੀ ਦੇ ਸਾਂਝੇ ਪ੍ਰੋਗਰਾਮਾਂ ਲਈ ਕੋਈ ਢੁੱਕਵੀਂ ਜਗ੍ਹਾ ਨਾ ਹੋਣ ਕਾਰਣ ਉਨ੍ਹਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਤਰ੍ਹਾਂ 10 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਆਂਗਣਵਾੜੀ ਸੈਂਟਰ ਲਈ ਹਾਲ ਕਮਰਾ, ਰਸੋਈ ਅਤੇ ਸਟੋਰ ਬਣਾਇਆ ਗਿਆ ਹੈ ਤਾਂ ਜੋ ਆਂਗਣਵਾੜੀ ਆਉਣ ਵਾਲੇ ਛੋਟੇ ਬੱਚਿਆਂ ਨੂੰ ਉਥੇ ਹੀ ਖਾਣਾ ਬਣਾ ਕੇ ਦਿੱਤਾ ਜਾ ਸਕੇ।
ਇਸ ਉਪਰੰਤ ਵਿਧਾਇਕ ਬੁੱਧ ਰਾਮ ਨੇ ਪਿੰਡ ਦਿਆਲਪੁਰਾ ਵਿਖੇ 10 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਆਂਗਣਵਾੜੀ ਸੈਂਟਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਸਾਫ ਪੀਣ ਵਾਲਾ ਪਾਣੀ ਦੇਣ ਲਈ 01 ਲੱਖ 50 ਹਜ਼ਾਰ ਰੁਪੈ ਦੀ ਲਾਗਤ ਨਾਲ ਤਿਆਰ ਕੀਤੇ ਆਰ.ਓ. ਸਿਸਟਮ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰਾਇਮਰੀ ਸਕੂਲ ਦੇ ਵਿਹੜੇ ਵਿੱਚ ਸਕੂਲ ਗੇਟ ਤੋਂ ਲੈ ਕੇ ਕਮਰਿਆਂ ਤੱਕ 03 ਲੱਖ 50 ਹਜ਼ਾਰ ਦੀ ਲਾਗਤ ਇੰਟਰਲਾਕ ਟਾਈਲਾਂ ਦਾ ਫਰਸ਼ ਲਗਵਾਇਆ ਗਿਆ ਹੈ। ਇਸ ਉਪਰੰਤ ਉਨ੍ਹਾਂ ਪਿੰਡ ਕਾਹਨਗੜ੍ਹ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਟੱਕ ਲਾ ਕੇ ਕਰਵਾਈ ।
ਇਸ ਮੌਕੇ ਪੰਚਾਇਤ ਸਕੱਤਰ ਦੀਪਕ ਬਾਂਸਲ, ਸੁਨੀਲ ਕੁਮਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਗੁਰਦਰਸ਼ਨ ਸਿੰਘ ਪਟਵਾਰੀ, ਚਮਕੌਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਕੁਲਵਿੰਦਰ ਸਿੰਘ ਖੁਡਾਲ, ਸੰਸਾਰ ਸਿੰਘ, ਲਲਿਤ ਕੁਮਾਰ, ਪਿੰਡ ਰੰਘੜਿਆਲ ਦੇ ਸਰਪੰਚ ਜਰਨੈਲ ਸਿੰਘ, ਜਸਵੀਰ ਸਿੰਘ, ਸੁਖਚੈਨ ਸਿੰਘ ਚੈਨੀ, ਬਲਵਿੰਦਰ ਸਿੰਘ, ਬਲਵੀਰ ਸਿੰਘ, ਆਂਗਣਵਾੜੀ ਵਰਕਰ ਕੁਲਵਿੰਦਰ ਕੌਰ, ਗੁਰਦੀਪ ਸਿੰਘ ਦਿਆਲਪੁਰਾ, ਗੁਰਦਾਸ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ ਭੋਲਾ, ਮਲਕੀਤ ਸਿੰਘ, ਮੇਜਰ ਸਿੰਘ, ਹੈਡਮਾਸਟਰ ਕੁਲਵਿੰਦਰ ਸਿੰਘ, ਨੀਲਮ ਰਾਣੀ, ਦਿਲਬਾਗ ਸਿੰਘ ਅਤੇ ਜਗਤਾਰ ਸਿੰਘ ਕਾਹਨਗੜ੍ਹ ਆਦਿ ਹਾਜ਼ਰ ਸਨ।
ਵਿਧਾਇਕ ਬੁੱਧ ਰਾਮ ਨੇ ਪਿੰਡ ਰੰਘੜਿਆਲ ਅਤੇ ਦਿਆਲਪੁਰਾ ’ਚ ਆਂਗਣਵਾੜੀ ਸੈਂਟਰਾਂ ਦਾ ਕੀਤਾ ਉਦਘਾਟਨ


