ਐਸ.ਏ.ਐਸ. ਨਗਰ, 13 ਨਵੰਬਰ 2024:
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਰਾਜ ਪੱਧਰੀ ਖੇਡ ਮੁਕਾਬਲੇ (ਗੇਮ ਸ਼ੂਟਿੰਗ) ਸ਼ੂਟਿੰਗ ਰੇਂਜ, ਫੇਸ 6, ਮੋਹਾਲੀ (ਨੇੜੇ ਸਰਕਾਰੀ ਕਾਲਜ) ਵਿਖੇ ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ।
ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਅਨਮੋਲ ਗਗਨ ਮਾਨ ਨੇ ਕੀਤਾ। ਵਿਧਾਇਕ ਅਨਮੋਲ ਗਗਨ ਮਾਨ ਨੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਵੱਧ-ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹਨ। ਵਿਦਿਆਰਥੀ ਜੀਵਨ ਵਿੱਚ ਪੜਾਈ ਦੇ ਨਾਲ-ਨਾਲ ਖੇਡਾਂ ਵੀ ਅਤਿ ਜਰੂਰੀ ਹਨ।
ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਨੂੰ ਦਿੱਤੀ ਜਾਣ ਵਾਲੀ 1000 ਰੁਪਏ ਦੀ ਸਕੀਮ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਅਸੀਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਸਿਹਤ ਖੇਤਰ, ਮੁਫ਼ਤ ਬਿਜਲੀ ਅਤੇ ਸਿੱਖਿਆ ਦੇ ਖੇਤਰ ਵਿਚਲਾ ਅੰਤਰ ਪੂਰਾ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਲਗਭਗ ਪੂਰੇ ਕਰ ਦਿੱਤੇ ਗਏ ਹਨ ਅਤੇ ਔਰਤਾਂ ਲਈ ਕੀਤੇ ਵਾਅਦਿਆਂ ਨੂੰ ਵੀ ਜਲਦੀ ਪੂਰਾ ਕਰਾਂਗੇ।
ਵਿਧਾਇਕ ਅਨਮੋਲ ਗਗਨ ਮਾਨ ਨੇ ਫਾਇਰ ਚਲਾ ਕੇ ਸ਼ੂਟਿੰਗ ਗੇਮ ਦੇ ਖਿਡਾਰੀਆਂ ਦਾ ਮਨੋਬਲ ਵਧਾਇਆ। ਇਸ ਪ੍ਰੋਗਰਾਮ ਵਿੱਚ ਖੇਡ ਵਿਭਾਗ ਦੇ ਸਮੂਹ ਸ਼ੂਟਿੰਗ ਕੋਚ, ਗੇਮ ਇੰਚਾਰਜ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਿਰ ਰਹੇ।
ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਪੰਜਾਬ ਰਾਜ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਖੇਡ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਾਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।