ਚੰਡੀਗੜ੍ਹ/ਪਟਿਆਲਾ, 29 ਅਪ੍ਰੈਲ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਪਿੰਡ ਅਜਨੌਦਾ ਖ਼ੁਰਦ ਦੇ ਮਜ਼ਦੂਰ ਦਿਆਲ ਸਿੰਘ ਸਮੇਤ ਅੱਗ ਨਾਲ ਝੁਲਸਣ ਕਾਰਨ ਪੀ.ਜੀ.ਆਈ. ਵਿੱਚ ਜੇਰੇ ਇਲਾਜ ਮੋੜ ਮੰਡੀ ਤੇ ਫ਼ਰੀਦਕੋਟ ਦੇ ਦੋ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸਿਹਤ ਮੰਤਰੀ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਕੈਦੂਪੁਰ ਵਿਖੇ ਬੀਤੀ 26 ਅਪ੍ਰੈਲ ਨੂੰ ਕਰੀਬ 16 ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡ ਕੈਦੂਪੁਰ ਦੇ ਜਿਨ੍ਹਾਂ ਕਿਸਾਨਾਂ ਦੇ ਨਾੜ ਨੂੰ ਅੱਗ ਲੱਗਣ ਨਾਲ ਤੂੜੀ ਦਾ ਨੁਕਸਾਨ ਹੋਇਆ ਹੈ, ਉਸ ਨੁਕਸਾਨ ਦੀ ਭਰਪਾਈ ਉਹ ਆਪਣੀ ਤਨਖ਼ਾਹ ਵਿਚੋਂ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਆਉਣ ਕਰਕੇ ਅਤੇ ਲੋਕਾਂ ਵੱਲੋਂ ਕੀਤੇ ਯਤਨਾਂ ਸਦਕਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਪਰ ਪਿੰਡ ਅਜਨੌਦਾ ਖ਼ੁਰਦ ਦੇ ਮਜ਼ਦੂਰ ਦਿਆਲ ਸਿੰਘ ਅੱਗ ਬੁਝਾਉਂਦੇ ਹੋਏ ਝੁਲਸ ਗਏ ਸਨ, ਜਿਨ੍ਹਾਂ ਦਾ ਇਲਾਜ ਪੀ.ਜੀ.ਆਈ ਵਿਖੇ ਚੱਲ ਰਿਹਾ ਹੈ ਤੇ ਉਨ੍ਹਾਂ ਖੁਦ ਪੀ.ਜੀ.ਆਈ ਵਿਖੇ ਦਿਆਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਲਾਜ ਸਮੇਤ ਹਰੇਕ ਸੰਭਵ ਮਦਦ ਦੇਣ ਲਈ ਕਿਹਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੀ.ਜੀ.ਆਈ. ਵਿਖੇ ਅੱਗ ਨਾਲ ਝੁਲਸਣ ਕਾਰਨ ਪੰਜਾਬ ਦੇ ਤਿੰਨ ਵਿਅਕਤੀ ਜੇਰੇ ਇਲਾਜ ਹਨ ਤੇ ਇਨ੍ਹਾਂ ਦੇ ਇਲਾਜ ਦਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਮੌਸਮ ਖੁਸ਼ਕ ਹੋਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਜੇਕਰ ਕਿਸਾਨ ਸਾਂਝੀਆਂ ਵੱਟਾਂ ‘ਤੇ ਸਰ੍ਹੋਂ ਜਾ ਫੇਰ ਹੋਰ ਹਰਿਆਵਲ ਵਾਲੀ ਫ਼ਸਲ ਲਗਾ ਲੈਣ ਤਾਂ ਇਸ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਕਿਸਾਨ ਮਨਜੀਤ ਸਿੰਘ, ਜਿਸਦੇ 14 ਏਕੜ ਰਕਬੇ ਤੇ ਕੁਲਵਿੰਦਰ ਸਿੰਘ, ਜਿਸਦੇ 4 ਏਕੜ ਰਕਬੇ ਵਿੱਚ ਨਾੜ ਸੜਿਆ ਹੈ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਪਿੰਡ ਕੈਦੂਪੁਰ ਵਿਖੇ ਨਾੜ ਨੂੰ ਅੱਗ ਲੱਗਣ ਦੀ ਘਟਨਾ ਸਬੰਧੀ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਉਸ ਸਮੇਂ ਸਰਹੱਦੀ ਖੇਤਰ ਦੇ ਦੌਰੇ ‘ਤੇ ਸਨ ਤਾਂ ਉਨ੍ਹਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਤੇ ਸ. ਸੌਂਦ ਵੱਲੋਂ ਤੁਰੰਤ ਪਿੰਡ ਕੈਦੂਪੁਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਪਿੰਡ ਦੇ ਕਿਸਾਨਾਂ, ਸਰਪੰਚ ਤੇ ਨੰਬਰਦਾਰ ਨੇ ਦੱਸਿਆ ਹੈ ਕਿ ਫਾਇਰ ਬ੍ਰਿਗੇਡ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ ਸੀ, ਜਿਸ ਕਾਰਨ ਹੋਰ ਵੱਡੇ ਨੁਕਸਾਨ ਹੋਣ ਦਾ ਬਚਾਅ ਹੋ ਗਿਆ।
ਇਸ ਦੌਰਾਨ ਅੱਜ ਸਿਹਤ ਮੰਤਰੀ ਦੇ ਪੀ ਏ ਜੈ ਸ਼ੰਕਰ, ਬਲਵਿੰਦਰ ਸੈਣੀ, ਸੁਰੇਸ਼ ਰਾਏ, ਜਸਪਾਲ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਪੱਪੂ ਸਿੰਘ ਸਰਪੰਚ ਕੈਦੂਪੁਰ, ਭੀਮ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਕੈਦੂਪੁਰ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਦੇ ਨਾਲ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।