ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ-  ਡਾ: ਬਲਜਿੰਦਰ ਸਿੰਘ ਭੁੱਲਰ

Amritsar

ਅੰਮ੍ਰਿਤਸਰ 20 ਮਈ 2024–

ਪੰਜਾਬ ਸਰਕਾਰ ਵੱਲੋਂ “ਦੀ ਪੰਜਾਬ ਪ੍ਰੀਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ, 2009” ਤਹਿਤ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਬਲਜਿੰਦਰ ਸਿੰਘ ਭੁੱਲਰ ਨੇ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਝੋਨੇ ਦੀ ਲੁਆਈ 15 ਜੂਨ 2024 ਤੋਂ ਨਿਸ਼ਚਿਤ ਕੀਤੀ ਗਈ ਹੈ ਜਦੋਂ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਤਾਰ ਤੋ ਪਾਰਲੇ ਇਲਾਕਿਆਂ ਵਿੱਚ ਕਿਸਾਨ ਝੋਨੇ ਦੀ ਲੁਆਈ ਮਿਤੀ 11 ਜੂਨ 2024 ਤੋਂ ਸ਼ੁਰੂ ਕਰ ਸਕਦੇ ਹਨ। ਇਸਦੇ ਨਾਲ ਹੀ 15 ਮਈ 2024 ਤੋਂ ਬਿਨਾਂ ਕੁੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਵੀ ਚਾਲੂ ਹੈ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਇਸ ਲਈ ਜਿੰਨਾਂ ਕਿਸਾਨਾਂ ਨੇ ਪਰਮਲ ਕਿਸਮਾਂ ਦੀ ਲੁਆਈ ਕਰਨੀ ਹੈ ਉਹ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣ ਅਤੇ ਕੁਦਰਤ ਦੀ ਵਡਮੁੱਲੀ ਦਾਤ ਪਾਣੀ ਨੂੰ ਬਣਾਉਣ ਵਾਸਤੇ ਝੋਨੇ ਦੀ ਲੁਆਈ ਸਰਕਾਰ ਵੱਲੋਂ ਨਿਰਧਾਰਿਤ ਮਿਤੀਆਂ ਤੋਂ ਪਹਿਲਾਂ ਨਾ ਕੀਤੀ ਜਾਵੇ।

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਵੱਢਾਂ ਨੂੰ ਵਾਹ ਕੇ ਖੁੱਲਾ ਛੱਡ ਦਿੱਤਾ ਜਾਵੇ ਤਾਂ ਜੋ ਧੁੱਪ ਪੈਣ ਨਾਲ ਜਮੀਨ ਵਿਚ ਵੱਖ-ਵੱਖ ਤਰਾਂ ਦੇ ਬੀਮਾਰੀਆਂ ਦੇ ਜੀਵਾਣੂਆਂ ਅਤੇ ਨਦੀਨਾਂ ਦੇ ਬੀਜ ਨਸ਼ਟ ਜੋ ਜਾਣ। ਉਹਨਾਂ ਕਿਹਾ ਕਿ ਬਿਨਾਂ ਕਿਸੇ ਜਰੂਰਤ ਦੇ ਖੇਤਾਂ ਵਿੱਚ ਖੁੱਲਾ ਪਾਣੀ ਨਾ ਛੱਡਿਆ ਜਾਵੇ ਅਤੇ ਪਾਣੀ ਦੀ ਵਰਤੋਂ ਕੇਵਲ ਲੋੜ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁੱਰਿਖਅਤ ਰੱਖਿਆ ਜਾ ਸਕੇ। ਉਹਨਾਂ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ/ਬਾਸਮਤੀ ਦੀਆਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।