ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਜਨਵਰੀ 2024:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਟੀਮ ਰੂਹ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਮਿਤੀ 18.01.2024 ਨੂੰ ਜਰਨੈਲ ਹੁਸ਼ਿਆਰਪੁਰੀ ਦੇ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਨੇ ਜਰਨੈਲ ਹੁਸ਼ਿਆਰਪੁਰੀ ਨੂੰ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਲਈ ਮੁਬਾਰਕਬਾਦ ਦਿੰਦਿਆਂ ਗੀਤਾਂ ਦੇ ਸਾਹਿਤਕ ਅਤੇ ਇਤਿਹਾਸਕ ਮਹੱਤਵ ਬਾਰੇ ਵਿਸਥਾਰਤ ਰੌਸ਼ਨੀ ਪਾਈ। ਉਨ੍ਹਾਂ ਆਖਿਆ ਕਿ ਹਥਲੀ ਪੁਸਤਕ ਸਮੁੱਚੇ ਰੂਪ ਵਿਚ ਉਸਾਰੂ ਅਤੇ ਲੋਕ ਹਿੱਤਾਂ ਦੀ ਬਾਤ ਪਾਉਂਦੀ ਹੈ। ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਜੇ.ਬੀ.ਗੋਇਲ ਵੱਲੋਂ ਆਖਿਆ ਗਿਆ ਕਿ ਇਹ ਪੁਸਤਕ ਜ਼ਿੰਦਗੀ ਦੀ ਊਰਜਾ ਨਾਲ ਭਰਪੂਰ ਹੈ। ਲੇਖਕ ਨੂੰ ਲੋਕ ਮਨਾਂ ਨੂੰ ਪੜ੍ਹਨ ਦੀ ਜਾਂਚ ਹੈ ਇਸੇ ਲਈ ਇਹ ਗੀਤ ਰੂਹ ’ਚੋਂ ਫੁੱਟਦੇ ਹਨ। ਮੁੱਖ ਮਹਿਮਾਨ ਸ਼੍ਰੀ ਜੇ.ਆਰ.ਕੁੰਡਲ ਵੱਲੋਂ ਆਖਿਆ ਗਿਆ ਕਿ ਸਾਹਿਤ ਉਹੀ ਜਿਊਂਦਾ ਹੈ ਜੋ ਸਮੇਂ ਦੇ ਸੱਚ ਨਾਲ ਜੁੜਿਆ ਹੋਵੇ ਅਤੇ ਸਰਬਕਾਲੀ ਹੋਵੇ।‘ਮੇਰਾ ਵੇਲਾ ਮੇਰੇ ਗੀਤ’ ਇਸੇ ਭਾਂਤ ਦੀ ਰਚਨਾ ਹੈ। ਵਿਸ਼ੇਸ਼ ਮਹਿਮਾਨ ਡਾ.ਦਵਿੰਦਰ ਦਮਨ ਅਨੁਸਾਰ ਹਥਲੀ ਪੁਸਤਕ ਵਿਚਲੇ ਸਰਲ ਦਿੱਖ ਵਾਲੇ ਗੀਤਾਂ ਦੇ ਪਿੱਛੇ ਬੜਾ ਵੱਡਾ ਸੱਭਿਆਚਾਰਕ ਕੈਨਵਸ ਫੈਲਿਆ ਹੋਇਆ ਹੈ।
ਪਰਚਾ ਲੇਖਕ ਸ਼੍ਰੀ ਮਨਮੋਹਨ ਸਿੰਘ ਦਾਊਂ ਵੱਲੋਂ ‘ਮੇਰਾ ਵੇਲਾ ਮੇਰੇ ਗੀਤ’ ਲੋਕ-ਕਾਵਿ ਪਰੰਪਰਾ ਦਾ ਸੰਦਲੀ ਸ਼ਰਬਤੀ ਗਲਾਸ’ ਵਿਸ਼ੇ ’ਤੇ ਪ੍ਰਭਾਵ ਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿਜਰਨੈਲ ਹੁਸ਼ਿਆਰਪੁਰੀ ਕੋਲ ਪੰਜਾਬੀ ਸੱਭਿਆਚਾਰ ਦੇ ਸੰਦੂਕ ਦੀਆਂ ਚਾਬੀਆਂ ਹਨ, ਜਿਸ ਨੂੰ ਜਦੋਂ ਉਹ ਖੋਲ੍ਹਦਾ ਹੈ ਤਾਂ ‘ਮੇਰਾ ਪਿੰਡ’ ਪੁਸਤਕ ਚੇਤੇ ਕਰਵਾ ਦਿੰਦਾ ਹੈ। ਜਰਨੈਲ ਹੁਸ਼ਿਆਰਪੁਰੀ ਵੱਲੋਂ ਹਥਲੀ ਪੁਸਤਕ ਦੀ ਸਿਰਜਣਾ ਬਾਬਤ ਆਖਿਆ ਗਿਆ ਕਿ ਪੰਜਾਬ ਅਤੇ ਪੰਜਾਬੀਅਤ ਮੈਨੂੰ ਧੂਹ ਪਾਉਂਦੀ ਹੈ। ਇਸੇ ਭਾਵ ’ਚੋਂ ਉਪਜੇ ਵਲਵਲਿਆਂ ਨੂੰ ਮੈਂ ਗੀਤਾਂ ਦੇ ਰੂਪ ਵਿਚ ਕਲਮਬੱਧ ਕੀਤਾ ਹੈ।
ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਆਖਿਆ ਕਿ ਇਨ੍ਹਾਂ ਰਚਨਾਵਾਂ ਵਿਚ ਪ੍ਰਗੀਤਾਮਕਤਾ ਮੌਜੂਦ ਹੈ। ਨਾਲ ਹੀ ਇਸ ਪੁਸਤਕ ਵਿਚ ਥਾਂ-ਥਾਂ ਸਾਡੇ ਚੇਤਿਆਂ ਵਿੱਚੋਂ ਕਿਰ ਗਈ ਵਿਰਾਸਤੀ ਸ਼ਬਦਾਵਲੀ ਦੇ ਝਲਕਾਰੇ ਮਿਲਦੇ ਹਨ। ਡਾ. ਸਵੈਰਾਜ ਸਿੰਘ ਸੰਧੂ ਨੇ ਆਖਿਆ ਕਿ ਇਸ ਕਿਤਾਬ ਵਿਚ ਵਾਰਿਸ ਦੀ ਹੀਰ ਵਾਂਗ ਪੰਜਾਬੀ ਲੋਕ ਵਿਰਸਾ ਸਮਾਇਆ ਹੋਇਆ ਹੈ। ਇਨ੍ਹਾਂ ਗੀਤਾਂ ਵਿਚ ਲੋਕਗੀਤ ਬਣਨ ਦੀ ਸਮਰੱਥਾ ਹੈ। ਡਾ. ਦਿਲਬਾਗ ਸਿੰਘ ਨੇ ਆਖਿਆ ਕਿ ‘ਮੇਰਾ ਵੇਲਾ ਮੇਰੇ ਗੀਤ’ ਸਿਰਲੇਖ ਹੀ ਇਸ ਵਿਚਲੀਆਂ ਰਚਨਾਵਾਂ ਦੀ ਸਾਰਥਕਤਾ ਦਾ ਜਾਮਣ ਹੈ। ਸ਼੍ਰੀ ਨਵ ਵਰਿੰਦਰ ਸਿੰਘ ਵੱਲੋਂ ਲੇਖਕ ਨੂੰ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਸ੍ਰੋਤਿਆਂ ਨੂੰ ਅਜੋਕੀ ਤਕਨਾਲੋਜੀ ਦੇ ਸਮੇਂ ਵਿਚ ਪੁਸਤਕ ਨਾਲ ਜੁੜਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਅਮਰ ਵਿਰਦੀ, ਕੁਲਬੀਰ ਸੈਣੀ, ਸ਼੍ਰੀਮਤੀ ਦੀਪਕ ਰਿਖੀ, ਐੱਸ.ਪੀ.ਦੁੱਗਲ, ਸੰਦੀਪ ਕੰਬੋਜ ਅਤੇ ਸ਼੍ਰੀ ਦੀਪਕ ਰਿਖੀ ਵੱਲੋਂ ‘ਮੇਰਾ ਵੇਲਾ ਮੇਰੇ ਗੀਤ’ਪੁਸਤਕ ਵਿਚਲੇ ਗੀਤਾਂ ਨੂੰ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਇੰਜ. ਐੱਸ.ਐੱਸ.ਕਾਲੜਾ, ਮਨਜੀਤ ਕੌਰ ਮੀਤ, ਅਮਰਾਓ ਸਿੰਘ ਯੂ.ਕੇ., ਅਮਰਜੀਤ ਸਿੰਘ, ਸਰਪੰਚ ਬੀ.ਕੇ.ਗੋਇਲ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਮਾਨ, ਡਾ. ਮੇਘਾ ਸਿੰਘ, ਨਿਰਮਲ ਸਿੰਘ ਬਾਸੀ, ਨਰਿੰਦਰ ਪਾਲ ਸਿੰਘ, ਅਜਮੇਰ ਸਾਗਰ, ਗੁਰਮੀਤ ਸਿੰਗਲ, ਤੇਜਪਾਲ ਰਾਣਾ, ਸੁਖਪ੍ਰੀਤ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
‘ਮੇਰਾ ਵੇਲਾ ਮੇਰੇ ਗੀਤ’ ਗੀਤ ਸੰਗ੍ਰਹਿ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ


