ਸੰਪੂਰਨਤਾ ਅਭਿਆਨ ਹੇਠ ਲਗਾਇਆ ਮੈਡੀਕਲ ਜਾਂਚ ਕੈਂਪ 

Ferozepur

ਫ਼ਿਰੋਜ਼ਪੁਰ, 04 ਜੁਲਾਈ(                ) ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅੱਜ ਤੋਂ ਸ਼ੁਰੂਆਤ ਸਕੂਲ ਆਫ ਐਮੀਨੈੰਸ (ਲੜਕੀਆਂ) ਫਿਰੋਜ਼ਪੁਰ ਸ਼ਹਿਰ ਵਿਖੇ ਕੀਤੀ ਗਈ। ਇੱਸ ਮੌਕੇ ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਮੈਡੀਕਲ ਜਾਂਚ ਕੈਂਪ ਵਿੱਚ ਨਵਜੰਮੇ ਬੱਚਿਆਂ ਦਾ ਟੀਕਾਕਰਨ, ਗਰਭਵਤੀ ਔਰਤਾਂ ਦੀ ਸਿਹਤ ਜਾਂਚ, ਖ਼ੂਨ ਅਤੇ ਬਲੱਡ ਪ੍ਰੈਸਰ ਆਦਿ ਦੀ ਜਾਂਚ ਕਰਨ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

        ਸਿਵਲ ਸਰਜਨ ਡਾ ਰਾਜਵਿੰਦਰ ਕੌਰ ਨੇ ਸੰਪੂਰਨਤਾ ਅਭਿਆਨ ਸੰਮੇਲਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਇਸ ਦਾ ਉਦਘਾਟਨੀ ਪ੍ਰੋਗਰਾਮ ਅੱਜ ਕੀਤਾ ਗਿਆ ਹੈ। ਜਦਕਿ ਸੰਪੂਰਨਤਾ ਅਭਿਆਨ ਤਹਿਤ ਦੂਸਰਾ ਪ੍ਰੋਗਰਾਮ 5 ਜੁਲਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੱਖੂ ਵਿਖੇ ਆਯੋਜਿਤ ਕੀਤਾ ਜਾਵੇਗਾ। ਅੱਜ ਸਿਹਤ ਵਿਭਾਗ ਵੱਲੋਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਮੁਫ਼ਤ ਹੈਲਥ ਕੈਂਪ ਲਗਾਇਆ ਗਿਆ ਅਤੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫ਼ਲਿਟ ਵੰਡੇ ਗਏ। ਇਸ ਤੋਂ ਇਲਾਵਾ ਹੈਲਥੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਅਤੇ ਡਾਈਟ ਕਾਊਂਸਲਿੰਗ ਵੀ ਕੀਤੀ ਗਈ। 

                 ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਦੱਸਿਆ ਕਿ ਸਿਹਤ ਵਿਭਾਗ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਦੇ ਸੈਂਪਲ ਲਏ ਗਏ ਅਤੇ  ਮਿੱਟੀ ਦੀ ਸਿਹਤ ਸੁਧਾਰ ਬਾਰੇ ਦੱਸਿਆ ਗਿਆ। ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਨੂੰ ਆਮਦਨ ਵਧਾਉਣ ਦੇ ਨੁਕਤਿਆਂ ਬਾਰੇ ਦੱਸਿਆ ਗਿਆ। 

                    ਉਨ੍ਹਾਂ ਦੱਸਿਆ ਕਿ ਨੇ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਦਾ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਹੜੇ 6 ਪਹਿਲੂਆਂ ਦੇ ਟੀਚਿਆਂ ਨੂੰ ਸੌ ਫ਼ੀਸਦੀ ਪੂਰਾ ਕਰਨ ਲਈ ਇਸ ਮੁਹਿੰਮ ਤਹਿਤ ਜ਼ੋਰ ਦਿੱਤਾ ਜਾਵੇਗਾ ਉਨ੍ਹਾਂ ਵਿੱਚ ਸਿਹਤ,  ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਕਾਰਜ ਸ਼ਾਮਲ ਹਨ। ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ।