ਮਲੋਟ ਦੇ ਸਿਵਲ ਹਸਪਤਾਲ ਨੂੰ ਮਿਲਿਆ ‘ਏ’ ਗ੍ਰੇਡ

Punjab

ਚੰਡੀਗੜ੍ਹ/ਮਲੋਟ, 26 ਫਰਵਰੀ

ਸਿਹਤ ਵਿਭਾਗ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਨੂੰ ਜ਼ਿਆਦਾ ਮਰੀਜਾਂ ਦਾ ਇਲਾਜ਼ ਕਰਨ ਲਈ ‘ਏ’ ਗ੍ਰੇਡ ਮਿਲਿਆ ਹੈ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਰੀਜਾਂ ਦਾ ਚੈਕਅੱਪ, ਅਲਟਰਾਸਾਊਂਡ, ਮੈਡੀਕਲ ਟੈਸਟ, ਐਕਸਰੇ ਸਮੇਤ ਕਈ ਬਿਮਾਰੀਆਂ ਦਾ ਹੋਰ ਸਰਕਾਰੀ ਹਸਪਤਾਲਾਂ ਤੋਂ ਬਿਹਤਰ ਇਲਾਜ਼ ਕਰਨ ਲਈ ਮਲੋਟ ਦੇ ਸਿਵਲ ਹਸਪਤਾਲ ਨੂੰ ‘ਏ’ ਗ੍ਰੇਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆ ਬਿਹਤਰ ਸਿਹਤ ਸਹੂਲਤਾਂ ਕਾਰਣ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦਾ ਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੁਕਤਸਰ ਜ਼ਿਲ੍ਹੇ ਵਿੱਚ ਸੱਭ ਤੋਂ ਵੱਧ ਮਰੀਜ਼ ਮਲੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਆ ਰਹੇ ਹਨ। ਇਸੇ ਲਈ ਮਲੋਟ ਦੇ ਸਿਵਲ ਹਸਪਤਾਲ ਨੇ ਮੁਕਤਸਰ ਦੇ ਜ਼ਿਲ੍ਹਾ ਹਸਪਤਾਲ ਨੂੰ ਵੀ ਪਛਾੜ ਦਿੱਤਾ ਹੈ। ਮਲੋਟ ਦੇ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੇ ਅਲਟਰਾ ਸਾਊਂਡ ਤੋਂ ਲੈ ਕੇ ਡਲਿਵਰੀ, ਮੈਡੀਕਲ ਟੈਸਟ, ਐਕਸ-ਰੇ, ਈ.ਸੀ.ਜੀ ਸਹਿਤ ਹੋਰ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮਲੋਟ ਵਿੱਚ ਮਰੀਜ਼ਾਂ ਲਈ ਸਾਰੀਆਂ ਸਿਹਤ ਸੁਵਿਧਾਵਾਂ ਮੌਜੂਦ ਹਨ। ਇੱਥੇ ਪ੍ਰਤੀਦਿਨ ਓ.ਪੀ.ਡੀ ਵਿੱਚ 450-500 ਮਰੀਜ ਆਪਣਾ ਇਲਾਜ਼ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆਂ ਕਿ ਹਸਪਤਾਲ ਵਿੱਚ ਰੋਜਾਨਾ 40 ਦੇ ਲੱਗਭੱਗ ਐਕਸਰੇ, 800 ਤੋਂ ਜ਼ਿਆਦਾ ਲੈਬ ਟੈਸਟ ਅਤੇ 20-25 ਅਲਟਰਾਂਸਾਊਂਡ ਕੀਤੇ ਜਾਂਦੇ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿੱਚ ਜਨਵਰੀ 2024 ਵਿੱਚ ਓ.ਪੀ.ਡੀ ਵਿੱਚ 10430 ਮਰੀਜ, ਆਈ.ਪੀ.ਡੀ ਵਿੱਚ 890 ਮਰੀਜ, ਲੈਬ ਟੈਸਟ 29998, ਐਕਸਰੇ 899, ਈ.ਸੀ.ਜੀ 214, ਡਿਲੀਵਰੀ 169, ਅਲਟਰਾਂਸਾਊਂਡ 671, ਮਰੀਜ਼ ਭਰਤੀ 2213 ਅਤੇ 151 ਅਪਰੇਸ਼ਨ ਹੋਏ। 

ਮੰਤਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿੱਚ ਸਾਰੇ ਵੱਖ-ਵੱਖ ਕਿਸਮ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲੋਟ ਦੇ ਆਸ ਪਾਸ ਦੇ 25 ਪਿੰਡਾਂ ਦੇ ਲੋਕ ਓਪੀਡੀ ਦਾ ਲਾਭ ਲੈ ਰਹੇ ਹਨ। ਸਿਵਲ ਹਸਪਤਾਲ ਮਲੋਟ ਨੇ 6.98 ਕਰੋੜ ਰੁਪਏ ਯੂਜਰ ਚਾਰਜ਼ਿਜ਼ ਤੋਂ ਪ੍ਰਾਪਤ ਕੀਤੇ ਹਨ ਅਤੇ 6 ਲੱਖ ਤੋਂ ਵੱਧ ਦੀ ਕਮਾਈ ਪ੍ਰਤੀ ਮਹੀਨਾ ਯੂਜ਼ਰ ਚਾਰਜ਼ਿਜ਼ ਤੋਂ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਮਲੋਟ ਨੂੰ ‘ਏ’ ਗ੍ਰੇਡ ਮਿਲਣ ਤੇ ਸਮੂਹ ਸਟਾਫ ਵੱਲੋਂ ਕੀਤੀ ਸਖਤ ਮਿਹਨਤ ਦੀ ਪ੍ਰਸੰਸਾ ਕੀਤੀ ਜਿਨ੍ਹਾ ਦੀ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਹੋਇਆ ਹੈ।