ਜਿਲ੍ਹਾ ਸਵੀਪ ਟੀਮ ਮੋਗਾ ਵੱਲੋਂ ਜਾਦੂਗਰ ਜੀ.ਐਸ. ਸਮਰਾਟ ਦੇ ਮੈਜਿਕ ਸ਼ੋ ਰਾਹੀਂ ਵੋਟਰ ਜਾਗਰੂਕਤਾ

Moga

ਮੋਗਾ 25 ਮਈ:
ਜ਼ਿਲ੍ਹਾ ਮੋਗਾ ਵਿੱਚ ਵੋਟਿੰਗ ਪ੍ਰਤੀਸ਼ਤ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੋਗਾ  ਸ਼ੁਭੀ ਆਂਗਰਾ ਦੀ ਅਗਵਾਈ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪੱਟੀ ਵਾਲੀ ਗਲੀ ਮੋਗਾ ਸਥਿਤ ਗਲੋਰੀਅਸ ਸੰਸਥਾ ਵਿਖੇ ਜਾਦੂਗਰ ਜੀ.ਐਸ. ਸਮਰਾਟ ਦੇ ਮੈਜਿਕ ਸ਼ੋ ਰਾਹੀਂ ਵੋਟਰ ਜਾਗਰੂਕਤਾ ਕੀਤੀ ਗਈ ।

ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਮੋਗਾ ਤਰਫੋਂ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ, ਜੀ ਜੀ ਐੱਫ ਅਨੁਰਾਗ ਸਿੰਘ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਸਥਾ ਦੇ ਡਾਇਰੈਕਟਰ ਚਰਨਜੀਤ ਸਿੰਘ, ਸਟਾਫ਼ ਅਤੇ ਕਾਫੀ ਗਿਣਤੀ ਵਿਚ ਵਿਦਿਆਰਥੀ ਅਤੇ ਵਿਦਿਆਰਥਨਾਂ ਹਾਜਰ ਸਨ । ਜਾਦੂਗਰ ਸਮਰਾਟ ਨੇ ਬਹੁਤ ਹੀ ਵਧੀਆ ਜਾਦੂ ਦੀਆਂ ਆਈਟਮਾਂ ਪੇਸ਼ ਕਰਦੇ ਹੋਏ ਸਭ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਧੀਆ ਲੋਕਤੰਤਰ ਤਾਂ ਹੀ ਬਣਾ ਸਕਦੇ ਹਾਂ ਜੇਕਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੀਏ ।
ਇਸ ਮੌਕੇ ਪ੍ਰੋ ਗੁਰਪ੍ਰੀਤ ਸਿੰਘ ਘਾਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਮਜ਼ਬੂਤ ਤੇ ਵਧੀਆ ਸਰਕਾਰ ਲਈ ਚਾਹੀਦੀ ਸਾਨੂੰ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ । ਜੇਕਰ ਅਸੀਂ ਆਪਣੇ ਆਪ ਨੂੰ ਭਾਰਤ ਦੇ ਬਾਸ਼ਿੰਦੇ ਦੱਸਣਾ ਚਾਹੁੰਦੇ ਹਾਂ ਤਾਂ ਵੋਟ ਜਰੂਰ ਪਾਉਣੀ ਚਾਹੀਦੀ ਹੈ। ਵੋਟਾਂ 01 ਜੂਨ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ । ਬੂਥਾਂ ਉੱਪਰ ਗਰਮੀ ਤੋਂ ਬਚਣ ਲਈ ਛਾਂ ਦਾ ਪ੍ਰਬੰਧ ਕੀਤਾ ਜਾਵੇਗਾ, ਪੀਣ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ, ਦੀਵਿਆਂਗਜਨਾਂ ਬਜ਼ੁਰਗਾਂ ਆਦਿ ਦੀ ਸਹਾਇਤਾ ਲਈ ਵਲੰਟੀਅਰ ਲਗਾਏ ਜਾਣਗੇ, ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਹੋਵੇਗਾ । ਆਪਣੀ ਵੋਟ ਬਾਰੇ, ਬੂਥ ਬਾਰੇ, ਵੋਟਰ ਕਾਰਡ ਬਾਰੇ ਪਤਾ ਕਰਨ ਲਈ  ਮੋਬਾਈਲ ਤੇ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ  । ਜੇਕਰ ਕੋਈ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਤਾਂ ਇਸਦੀ ਸ਼ਕਾਇਤ  ਸੀ ਵਿਜਲ ਐਪ ਰਾਹੀਂ ਕਰ ਕੀਤੀ ਜਾ ਸਕਦੀ ਹੈ, ਜਿਸ ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਪਣੇ ਉਮੀਦਵਾਰ ਬਾਰੇ ਜਾਨਣ ਲਈ  ਕੇ ਵਾਈ ਸੀ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।
ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਹਾਜ਼ਰੀਨ ਨੂੰ ਈ ਵੀ ਐਮ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ  ਤੁਸੀਂ ਵੋਟ ਕਿਸਨੂੰ ਪਾਈ ਹੈ ਇਸਦੀ ਜਾਣਕਾਰੀ ਵੀ ਵੀ ਪੈਟ ਉੱਪਰ 6 ਸੈਕਿੰਡ ਲਈ ਆਉਣ ਵਾਲੀ ਪਰਚੀ ਤੋਂ ਮਿਲ ਜਾਂਦੀ ਹੈ । ਇਹਨਾਂ ਮਸ਼ੀਨਾਂ ਬਾਰੇ ਫੈਲਾਏ ਜਾਂਦੇ ਭਰਮ ਵਿੱਚ ਨਹੀਂ ਆਉਣਾ ਅਤੇ ਯਕੀਨ ਨਾਲ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਉਣੀ ਹੈ । ਇਸ ਸਮੇਂ ਡਿਪਟੀ ਕਮਿਸ਼ਨਰ ਮੋਗਾ ਵੱਲ਼ੋਂ ਜਾਰੀ ਕੀਤੇ ਗਏ ਨਵੇਂ ਬਣੇ ਵੋਟਰਾਂ ਨੂੰ ਵੋਟ ਪਾਉਣ ਸੰਬੰਧੀ  ਸੱਦਾ ਪੱਤਰ ਵੀ ਦਿੱਤੇ ਗਏ ਅਤੇ ਉਹਨਾਂ ਨੂੰ ਵੋਟ ਪਾਉਣ ਲਈ ਬੂਥ ਤੇ ਆਉਣ ਲਈ ਕਿਹਾ ।
ਅੰਤ ਵਿੱਚ ਸੰਸਥਾ ਦੇ ਡਾਇਰੈਕਟਰ ਚਰਨਜੀਤ ਸਿੰਘ ਨੇ ਵੀ ਸਭ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਸੀਂ ਸਭ ਨੇ ਆਪਣੇ ਪ੍ਰੀਵਾਰ ਸਹਿਤ ਵੋਟ ਪਾਉਣੀ ਹੈ ਅਤੇ ਇੱਕ ਵੋਟਰ ਸੇਵਕ ਦੀ ਭੂਮਿਕਾ ਵੀ ਨਿਭਾਉਣੀ ਹੈ ਤਾਂ ਜ਼ੋ ਓਹਨਾਂ ਲੋਕਾਂ ਦੀ ਵੋਟ ਪਵਾਈ ਜਾ ਸਕੇ ਜੋ ਖੁਦ ਚੱਲ ਕੇ ਵੋਟ ਪਾਉਣ ਨਹੀਂ ਜਾ ਸਕਦੇ ।