ਮਾਨਸਾ, 03 ਦਸੰਬਰ :
ਲਾਇਬ੍ਰੇਰੀਆਂ ਵਿਦਿਆਰਥੀਆਂ ਦੇ ਜੀਵਨ ਨੂੰ ਚੰਗੀ ਸੇਧ ਦੇਣ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ ਅਤੇ ਲਾਇਬ੍ਰੇਰੀਆਂ ਦੀ ਸਾਂਝ ਪਾਉਣ ਵਾਲੇ ਵਿਦਿਆਰਥੀ ਹਮੇਸ਼ਾਂ ਚੰਗੇ ਮੁਕਾਮ ਹਾਸਿਲ ਕਰਨ ਵਿੱਚ ਕਾਮਯਾਬ ਰਹਿੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮਿਸ਼ਨਰ ਫਰੀਦਕੋਟ ਮੰਡਲ ਸ਼੍ਰੀ ਮਨਜੀਤ ਸਿੰਘ ਬਰਾੜ ਨੇ ਅੱਜ ਮਾਨਸਾ ਦੇ ਅੰਬੇਡਦਰ ਭਵਨ ਵਿਖੇ ਪਿਛਲੇ ਦਿਨੀਂ ਨਵੀਂ ਖੁਲ੍ਹੀ ਮਾਨਸਾ ਯੂਥ ਲਾਇਬ੍ਰੇਰੀ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਡ ਸਿੰਘ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਆਈ.ਏ.ਐਸ. ਅਤੇ ਐਸ.ਡੀ.ਐਮ. ਬੁਢਲਾਡਾ-ਕਮ-ਸਹਾਇਕ ਕਮਿਸ਼ਨਰ ਸ਼੍ਰੀ ਗਗਨਦੀਪ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਉਮਦਾ ਕਿਸਮ ਦੀ ਆਧੁਨਿਕ ਲਾਇਬ੍ਰੇਰੀ ਹੈ, ਜਿਸ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਕੈਫੇ, ਗੇਮ ਜ਼ੋਨ, ਸੰਗੀਤ ਕਮਰਾ, ਕੁਆਇਟ ਜ਼ੋਨ ਆਦਿ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਤਾਬਾਂ ਨਾਲ ਦੋਸਤੀ ਕਰਕੇ ਉਨ੍ਹਾਂ ਦਾ ਗਿਆਨ ਖੁਦ ਵਿੱਚ ਅਰਜਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬ ਹੋ ਸਕਣ ਜਾਂ ਕੁਝ ਨਵੀਂ ਖੋਜ ਕਰਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਣ ਕਰਨ ਵਿੱਚ ਕਾਮਯਾਬ ਹੋਣ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ ਡਿਜੀਟਲ ਕਿਤਾਬਾਂ ਪੜ੍ਹਨ ਅਤੇ ਡਾਊਨਲੋਡ ਕਰਨ ਲਈ ਕੰਪਿਊਟਰਜ਼ ਸਮੇਤ ਵਾਈ ਫਾਈ ਕੁਨੈਕਸ਼ਨ ਅਤੇ ਵਧੀਆ ਫਰਨੀਚਰ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ’ਤੇ ਵੀ ਪੰਜਾਬ ਸਰਕਾਰ ਵੱਲੋਂ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਹੋਰ ਲਾਇਬ੍ਰੇਰੀਆਂ ਵੀ ਬਣਾਈਆਂ ਜਾ ਰਹੀਆਂ ਹਨ, ਜਿਸ ਸਦਕਾ ਪਿੰਡਾਂ ਦੇ ਵਿਦਿਆਰਥੀ ਹੁਣ ਆਪਣੇ ਘਰਾਂ ਦੇ ਨੇੜੇ ਹੀ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਜਾ ਕੇ ਕਿਤਾਬਾਂ ਪੜ੍ਹ ਸਕਦੇ ਹਨ।
ਇਸ ਮੌਕੇ ਪੀ.ਏ.ਟੂ ਡੀ.ਸੀ. ਸ਼੍ਰੀ ਸੁਖਰਾਜ ਸਿੰਘ, ਸ਼੍ਰੀ ਸੰਦੀਪ ਕੁਮਾਰ, ਲਾਇਬ੍ਰਰੀਅਨ ਗਗਨਦੀਪ ਕੌਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਲਾਇਬ੍ਰੇਰੀਆਂ ਵਿਦਿਆਰਥੀਆਂ ਦੇ ਜੀਵਨ ਨੂੰ ਚੰਗੀ ਸੇਧ ਦੇਣ ਲਈ ਹੁੰਦੀਆਂ ਹਨ ਲਾਹੇਵੰਦ ਸਿੱਧ-ਕਮਿਸ਼ਨਰ ਮਨਜੀਤ ਸਿੰਘ ਬਰਾੜ


