ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ

Punjab

ਕੋਟਕਪੂਰਾ, 5 ਮਾਰਚ

 ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ (ਰਜਿ:) ਵਲੋਂ ਪਿਛਲੇ ਕਰੀਬ 3 ਦਹਾਕਿਆਂ ਤੋਂ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਰੋਹਾਂ ਵਿੱਚ ਯੋਗਦਾਨ ਪਾਉਣ ਬਦਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਵਲੋਂ ਸੰਸਥਾ ਦੇ ਪ੍ਰਧਾਨ ਮਨਮੋਹਨ ਸ਼ਰਮਾ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਇਕ ਲੱਖ ਰੁਪਏ ਦਾ ਚੈੱਕ ਸੌਂਪਦਿਆਂ ਸੰਸਥਾ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।

 ਇਸ ਮੌਕੇ ਸੰਸਥਾ ਦੇ ਸਰਗਰਮ ਮੈਂਬਰ ਨੱਥੂ ਰਾਮ ਪਰਜਾਪਤ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ। ਮਨਮੋਹਨ ਸ਼ਰਮਾ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ 28 ਸਾਲਾਂ ਤੋਂ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਰੋਹਾਂ ਦਾ ਬਕਾਇਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਕੋਵਿਡ ਤੋਂ ਪਹਿਲਾਂ ਕਈ ਵਾਰ 51, 61 ਅਤੇ 71-71 ਲੜਕੀਆਂ ਦੇ ਆਨੰਦ ਕਾਰਜ ਸਫਲਤਾਪੂਰਵਕ ਨੇਪਰੇ ਚੜਾ ਕੇ ਉਹਨਾਂ ਨੂੰ ਨਿੱਤ ਵਰਤੋਂ ਵਾਲਾ ਹਰ ਤਰਾਂ ਦਾ ਸਮਾਨ ਦਾਜ ਦੇ ਰੂਪ ਵਿੱਚ ਦਿੱਤਾ ਗਿਆ, ਹਰ ਵਾਰ ਬਰਾਤੀਆਂ ਅਤੇ ਵਿਆਂਦੜ ਲੜਕੀਆਂ ਦੇ ਰਿਸ਼ਤੇਦਾਰਾਂ ਦਾ ਸ਼ਾਨਦਾਰ ਸੁਆਗਤ ਅਤੇ ਖਾਣ ਪੀਣ ਦੇ ਵਧੀਆ ਸਮਾਨ ਦਾ ਪ੍ਰਬੰਧ ਵੀ ਕੀਤਾ ਗਿਆ।     

ਮਨਮੋਹਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਸਪੀਕਰ ਸੰਧਵਾਂ ਵਲੋਂ ਇਕ ਲੱਖ ਰੁਪਏ ਦੀ ਐਲਾਨੀ ਗਈ ਰਾਸ਼ੀ ਦਾ ਜਦੋਂ ਚੈੱਕ ਉਹਨਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸੌਂਪਣ ਲਈ ਆਏ ਸਨ ਤਾਂ ਉਹਨਾਂ ਆਖਿਆ ਸੀ ਕਿ ਸਪੀਕਰ ਸੰਧਵਾਂ ਵਲੋਂ ਕਿਸੇ ਵੀ ਆਪਣੇ ਜਾਂ ਬੇਗਾਨੇ ਨੂੰ ਲਾਰਾ ਨਹੀਂ ਲਾਇਆ ਜਾਂਦਾ, ਉਹ ਜੋ ਕੁਝ ਕਹਿੰਦੇ ਹਨ। ਉਸ ’ਤੇ 100 ਫੀਸਦੀ ਪੂਰੇ ਉਤਰਦੇ ਹਨ। ਐਡਵੋਕੇਟ ਸੰਧਵਾਂ ਨੇ ਇਹ ਗੱਲ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਵਿਆਹ ਸਮਾਰੋਹ ਮੌਕੇ ਸਟੇਜ ਉਪਰੋਂ ਵੀ ਦੁਹਰਾਈ ਸੀ, ਜਿਸ ਦੀ ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਦੀ ਸਮੁੱਚੀ ਟੀਮ ਵਲੋਂ ਵੀ ਪ੍ਰਸੰਸਾ ਕੀਤੀ ਗਈ ਸੀ।

ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕਰਨ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਦੀਪਕ ਮੌਂਗਾ, ਹਰਵਿੰਦਰ ਸਿੰਘ ਮਰਵਾਹਾ ਸਮੇਤ ਹੋਰ ਵੀ ਅਨੇਕਾਂ ਸ਼ਖਸ਼ੀਅਤਾਂ ਅਤੇ ‘ਆਪ’ ਆਗੂ ਹਾਜਰ ਸਨ।