ਖੰਨਾ ਪੁਲਿਸ ਨੇ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ

Ludhiana

ਖੰਨਾ (ਲੁਧਿਆਣਾ), 26 ਜੂਨ (000) ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ‘ਤੇ ਖੰਨਾ ਪੁਲਿਸ ਵੱਲੋਂ ਬੁੱਧਵਾਰ ਨੂੰ 5 ਕਿਲੋਮੀਟਰ ਦੀ ‘ਵਾਕ-ਐਂਡ-ਰਨ’ ਮੈਰਾਥਨ ਦਾ ਆਯੋਜਨ ਕੀਤਾ ਗਿਆ।  

ਇਸ ਮੈਰਾਥਨ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਅਮਨੀਤ ਕੋਂਡਲ ਨੇ ਕੀਤੀ ਅਤੇ ਇਸ ਵਿੱਚ ਪੁਲਿਸ ਅਧਿਕਾਰੀਆਂ, ਸਥਾਨਕ ਐਨ.ਜੀ.ਓਜ਼ ਅਤੇ ਆਮ ਨਾਗਰਿਕਾਂ ਸਮੇਤ 200 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਮੈਰਾਥਨ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਉਤਸ਼ਾਹਿਤ ਕਰਨਾ ਸੀ।  ਇਹ ਮੈਰਾਥਨ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਗੜ੍ਹੀ ਪੁਲ ਤੋਂ ਸ਼ੁਰੂ ਹੋ ਕੇ ਸਾਂਝ ਘਰ ਰੈਸਟੋਰੈਂਟ ਵਿਖੇ ਸਮਾਪਤ ਹੋਈ ।

  ਮੈਰਾਥਨ ਤੋਂ ਬਾਅਦ ਐਸ.ਐਸ.ਪੀ ਸ੍ਰੀਮਤੀ ਅਮਨੀਤ ਕੋਂਡਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ।  ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੈਰਾਥਨ ਦਾ ਆਯੋਜਨ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਹੈ। ਸ਼੍ਰੀਮਤੀ ਕੋਂਡਲ ਨੇ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦੁਆਰਾ ਕੀਤੇ ਗਏ ਠੋਸ ਯਤਨਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਫਲਤਾ ਲਈ ਭਾਈਚਾਰੇ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ।  ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਅਤੇ ਲੋੜਵੰਦਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਮੁੜ ਵਸੇਬਾ ਅਤੇ ਓ.ਓ.ਏ.ਟੀ (ਆਊਟਰੀਚ ਓਪੀਓਡ ਅਸਿਸਟਡ ਟ੍ਰੀਟਮੈਂਟ) ਕੇਂਦਰਾਂ ਸਮੇਤ ਕੀਤੀਆਂ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ।

  ਸ਼੍ਰੀਮਤੀ ਕੋਂਡਲ ਨੇ ਆਸ ਪ੍ਰਗਟ ਕੀਤੀ ਕਿ ਇਹ ਮੈਰਾਥਨ ਸਮਾਜ ‘ਤੇ ਸਥਾਈ ਪ੍ਰਭਾਵ ਪਾਏਗੀ ਅਤੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਸਟੈਂਡ ਲੈਣ ਲਈ ਪ੍ਰੇਰਿਤ ਕਰੇਗੀ ।  ਉਹਨਾਂ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਲਈ ਸਰੀਰਕ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਲਾਜ਼ਮੀ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।