ਜਸਪ੍ਰੀਤ ਅਤੇ ਆਸ਼ੀਸ਼ ਸੋਲੰਕੀ ਦੀ ਸਟੈਂਡਅੱਪ ਕਾਮੇਡੀ ਨੇ ਹਸਾ-ਹਸਾ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ

Politics Punjab

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਅਕਤੂਬਰ:

ਸਰਸ ਮੇਲੇ ਦਾ ਛੇਵਾਂ ਦਿਨ ਹਾਸਿਆਂ ਦੇ ਸੁਦਾਗਰਾਂ ਨੂੰ ਸਮਰਪਿਤ ਰਿਹਾ, ਜਿਸ ਵਿੱਚ ਸਟੈਂਡਅੱਪ ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਸੋਲੰਕੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਆਪਣੇ ਬੇਬਾਕ ਚੁਟਕਲਿਆਂ ਦੇ ਰਾਹੀਂ ਸਮਾਜਿਕ ਮੁੱਦਿਆਂ ਨੂੰ ਛੂੰਹਦੇ ਹੋਏ ਮੇਲਾਂ ਦੇਖਣ ਆਏ ਮੇਲੀਆਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ। ਕਾਮੇਡੀ ਸ਼ੋਅ ਨੂੰ ਦੇਖਣ ਲਈ ਏ.ਡੀ.ਸੀ ਜਨਰਲ ਸ਼੍ਰੀ ਵਿਰਾਜ ਸ਼ਿਆਮਕਰਨ  ਤਿੜਕੇ, ਮੁੱਖ ਮੰਤਰੀ ਪੰਜਾਬ ਦਫ਼ਤਰ ਤੋਂ ਪੀ. ਸੀ. ਐੱਸ. ਅਫਸਰ  ਜਗਨੂਰ ਸਿੰਘ, ਜੁਆਇੰਟ ਕਮਿਸ਼ਨਰ ਮਿਊਂਸਿਪਲ ਕਾਰਪੋਰੇਸ਼ਨ ਮੋਹਾਲੀ ਸ੍ਰੀ ਦਿਪਾਂਕਰ ਗਰਗ, ਐੱਸ. ਪੀ. ਸਾਈਬਰ ਕ੍ਰਾਇਮ ਜਸ਼ਨਦੀਪ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। 

     ਉਨ੍ਹਾਂ ਦਾ ਸਵਾਗਤ ਕਰਦਿਆਂ ਮੇਲਾ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੋਨਮ ਚੌਧਰੀ ਨੇ ਹਾਸਿਆਂ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦੱਸਦੇ ਹੋਏ ਕਿਹਾ ਹਾਸੇ ਵੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹਨ ਅਤੇ ਰੰਗਲੇ ਪੰਜਾਬ ਦੀ ਸ਼ੁਰੂਆਤ ਹਾਸਿਆਂ ਦੇ ਵਣਜਾਰਿਆਂ ਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਆਸ਼ੀਸ਼ ਸੋਲੰਕੀ ਵੱਲੋਂ ਬੜੇ ਹਲਕੇ ਫੁਲਕੇ ਅੰਦਾਜ ਦੇ ਵਿੱਚ ਰੋਜ਼ਮਰ੍ਹਾ ਦੀਆਂ ਉਦਾਹਰਣਾ ਦਿੰਦੇ ਹੋਏ ਪਰਿਵਾਰਿਕ ਰਿਸ਼ਤਿਆਂ ਦੀ ਸਾਂਝ ਪਾਉਂਦੀ ਕਾਮੇਡੀ ਰਾਹੀਂ ਮੇਲੀਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਮੇਲਾ ਦੇਖਣ ਆਏ ਮੇਲੀਆਂ ਸ਼੍ਰੀ ਸੁਰਿੰਦਰ ਬੱਤਰਾ, ਪਵਨਦੀਪ ਕੌਰ ਗਰੀਮ, ਦਿਲਪ੍ਰੀਤ ਕੌਰ ਤੇ ਬਰਜਿੰਦਰ ਸਿੰਘ ਨੇ ਮੇਲੇ ਦੀ ਸ਼ਲਾਘਾ ਕਰਦੇ ਹੋਏ ਮੇਲੇ ਵਿੱਚ ਪਰੋਸੇ ਜਾ ਰਹੇ ਪਕਵਾਨਾ, ਹਸਤ ਕਲਾ ਆਕ੍ਰਿਤੀਆਂ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਰਾਹੀਂ ਲੋਕਾਂ ਦੇ ਮਨੋਰੰਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੇਲਾ ਅਫਸਰ ਦੀ ਭਰਪੂਰ ਪ੍ਰਸੰਸਾ ਕੀਤੀ।