ਚੰਡੀਗੜ੍ਹ, 27 ਜੂਨ:
ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ ਸ੍ਰੀ ਕੇਵਿਨ ਕੈਲੀ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਸਮੇਤ ਅੱਜ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ।
ਪੰਜਾਬ ਵਿਧਾਨ ਸਭਾ ਵਿੱਚ ਹੋਈ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਆਇਰਲੈਂਡ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਸ. ਸੰਧਵਾਂ ਨੇ ਪੰਜਾਬ ਅਤੇ ਆਇਰਲੈਂਡ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ‘ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਆਪਸੀ ਵਿਚਾਰ-ਵਟਾਂਦਰੇ ਮਗਰੋਂ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ‘ਚ ਗਿਆਨ ਅਤੇ ਤਕਨਾਲੋਜੀ ਦੇ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ।
ਸ. ਸੰਧਵਾਂ ਨੇ ਸ੍ਰੀ ਕੇਵਿਨ ਕੈਲੀ ਨੂੰ ਆਇਰਲੈਂਡ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।
ਮੀਟਿੰਗ ਦੌਰਾਨ ਸ੍ਰੀ ਕੇਵਿਨ ਕੈਲੀ ਨੇ ਆਇਰਲੈਂਡ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬੀਆਂ ਦੇ ਮਿਹਨਤ ਕਰਨ ਵਾਲੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਸ੍ਰੀ ਕੇਵਿਨ ਕੈਲੀ ਨੇ ਦੱਸਿਆ ਕਿ ਆਇਰਲੈਂਡ, ਭਾਰਤ ਨਾਲ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਲਗਾਤਾਰ ਹੋਰ ਅੱਗੇ ਵਧਾਉਂਦਾ ਆ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ।
ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ, ਸ੍ਰੀ ਕੇਵਿਨ ਕੈਲੀ ਨਾਲ ਸ੍ਰੀ ਰੇਮੰਡ ਮੁਲੇਨ ਡਿਪਟੀ ਅੰਬੈਸਡਰ, ਸ੍ਰੀ ਪੀਡਰ ਓ’ਹੁਬੇਨ ਕੌਂਸਲਰ, ਸੈਕਿੰਡ ਸੈਕਟਰੀ ਅਤੇ ਸ੍ਰੀ ਕੈਰਬਰੇ ਓ’ਫੀਅਰਘਾਲ, ਵੀਜ਼ਾ ਦਫਤਰ ਦੇ ਮੁਖੀ ਵੀ ਮੌਜੂਦ ਸਨ।