ਐਸ.ਏ.ਐਸ.ਨਗਰ, 11 ਅਕਤੂਬਰ, 2024:
ਲੜਕੀਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਅਤੇ ਭਵਿੱਖ ਦੇ ਸੁਪਨਿਆਂ ਨੂੰ ਜੀਵਨ ਵਿੱਚ ਉੱਚਾ ਚੁੱਕਣ ਲਈ ਇੱਕ ਗੈਰ-ਰਸਮੀ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇੱਥੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ।
ਏ ਡੀ ਸੀ (ਡੀ) ਸੋਨਮ ਚੌਧਰੀ ਨੇ ਮੈਰੀਟੋਰੀਅਸ ਸਕੂਲ, ਸਰਕਾਰੀ ਸਕੂਲ ਮਟੌਰ, ਕੁੰਭੜਾ ਅਤੇ 3ਬੀ1 ਅਤੇ ਸਕੂਲ ਆਫ਼ ਐਮੀਨੈਂਸ ਫੇਜ਼ 11, ਮੁਹਾਲੀ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਦੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਚਾਹੇ ਕਿਸੇ ਵੀ ਟੀਚੇ ਦੀ ਚੋਣ ਕਰਨ ਪਰ ਟੀਚੇ ਨੂੰ ਪੂਰਾ ਕਰਨ ਲਈ ਲੰਬੇ ਸਮੇਂ ਲਈ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਨੇ ਸਿਹਤ ਅਤੇ ਮਾਨਸਿਕ ਸ਼ਾਂਤੀ ਦਾ ਸਮਾਨ ਧਿਆਨ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਅਸਫਲਤਾਵਾਂ ਹੋ ਸਕਦੀਆਂ ਹਨ ਪਰ ਉਹਨਾਂ ਨੂੰ ਸਕਾਰਾਤਮਕ ਸੋਚ ਨਾਲ ਇਸ ਤਰਾਂ ਲਓ ਕਿ ਜ਼ਿੰਦਗੀ ਨੇ ਅੱਗੇ ਵਧਣ ਦਾ ਇੱਕ ਹੋਰ ਮੌਕਾ ਦਿੱਤਾ ਹੈ ਜਿਸ ਲਈ ਹੋਰ ਮਿਹਨਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਮ ਗਿਆਨ ਤੋਂ ਜਾਣੂ ਹੋ ਕੇ ਸੰਸਾਰ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਆਪਣੀਆਂ ਮਾਵਾਂ ਦਾ ਵੀ ਮਾਰਗਦਰਸ਼ਨ ਕਰਨ ਜੋ ਕਿ ਅਖ਼ਬਾਰਾਂ ਅਤੇ ਕਿਤਾਬਾਂ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ।
ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਮੋਹਾਲੀ ਦੀ ਡਾਇਰੈਕਟਰ-ਪ੍ਰਿੰਸੀਪਲ ਸ੍ਰੀਮਤੀ ਭਵਨੀਤ ਭਾਰਤੀ ਨੇ ਕਿਹਾ ਕਿ ਅੱਜ-ਕੱਲ੍ਹ ਮਰਦ ਅਤੇ ਔਰਤਾਂ ਨੂੰ ਬਰਾਬਰ ਮੌਕੇ ਮਿਲਦੇ ਹਨ ਅਤੇ ‘ਰੋਲ ਰਿਵਰਸਲ’ ਸ਼ਬਦ ਵੀ ਉਭਰਿਆ ਹੈ ਕਿਉਂਕਿ ਪਰਿਵਾਰ ਦੇ ਮਰਦ ਮੈਂਬਰ ਨੂੰ ਔਰਤ ਮੈਂਬਰ ਵਾਂਗ ਘਰ ਦਾ ਕੰਮ ਕਰਨਾ ਪੈਂਦਾ ਹੈ ਜੋ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਭਵਿੱਖ ਨੂੰ ਘੜਨ ਲਈ, ਸਾਡੇ ਦਰਵਾਜ਼ੇ ‘ਤੇ ਦਸਤਕ ਦੇਣ ਵਾਲੇ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਐਚ ਬੀ 12.5 ਤੋਂ ਘੱਟ ਨਾ ਹੋਣ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਕੇ ਚੰਗੀ ਸਿਹਤ ਲਈ ਲੜਕੀਆਂ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਲੋੜ ਪੈਣ ‘ਤੇ ਆਇਰਨ ਦੀਆਂ ਗੋਲੀਆਂ ਲੈ ਕੇ ਆਪਣੇ ਦੇਸ਼ ਨੂੰ ਅਨੀਮੀਆ ਮੁਕਤ ਬਣਾਉਣ ਚ ਯੋਗਦਾਨ ਦੇਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਵਧਦੀ ਉਮਰ ਲਈ ਲੋੜੀਂਦੀ ਸੰਤੁਲਿਤ ਖੁਰਾਕ ‘ਤੇ ਧਿਆਨ ਕੇਂਦਰਿਤ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੀਵਨ ਵਿਚ ਸ਼ਾਰਟਕੱਟਾਂ ਦੀ ਚੋਣ ਨਹੀਂ ਕਰਨੀ ਚਾਹੀਦੀ, ਸਗੋਂ ਅਸਫਲਤਾਵਾਂ ਦੀ ਚਿੰਤਾ ਕੀਤੇ ਬਿਨਾਂ ਨਿਯਮਿਤ ਤੌਰ ‘ਤੇ ਅਭਿਆਸ ਕਰਨਾ ਚਾਹੀਦਾ ਹੈ।
ਏ ਆਈ ਐਮ ਐੱਸ, ਮੋਹਾਲੀ ਦੇ ਕਮਿਊਨਿਟੀ ਮੈਡੀਸਨ ਵਿਭਾਗ ਤੋਂ ਡਾ. ਅੰਮ੍ਰਿਤ ਕੌਰ ਵਿਰਕ ਨੇ ਪੌਸ਼ਟਿਕ ਆਹਾਰ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਲੜਕੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਸੁਝਾਅ ਦਿੱਤੇ। ਉਨ੍ਹਾਂ ਨੂੰ ਆਇਰਨ ਦੀ ਕਮੀ ਜੋ ਅਨੀਮੀਆ ਦਾ ਕਾਰਨ ਬਣਦੀ ਹੈ, ਤੋਂ ਜਾਣੂ ਕਰਵਾਉਂਦੇ ਹੋਏ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵਧਣ ਲਈ ਚੰਗੀ ਸਿਹਤ ਜ਼ਰੂਰੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਜੋ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਜ਼ਰੂਰੀ ਹੈ।
ਡੀ ਈ ਓ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਲੜਕੀ ਹੋਣ ਦੀ ਮਹੱਤਤਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਰੀਅਰ ਦੇ ਬੇਅੰਤ ਮੌਕੇ ਹਨ ਅਤੇ ਇਸ ਸਭ ਲਈ ਸਿੱਖਿਆ ਅਤੇ ਸਵੈ-ਵਿਸ਼ਵਾਸ ਇਸ ਦੀ ਪ੍ਰਾਪਤੀ ਦਾ ਇੱਕ ਅਹਿਮ ਸਾਧਨ ਹੈ।
ਸੀ ਡੀ ਪੀ ਓ ਗੁਰਸਿਮਰਨ ਕੌਰ ਨੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਜਦਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਬੱਚੀ ਨੂੰ ਮਹਿਮਾਨਾਂ ਰਾਹੀਂ ਸਟੇਸ਼ਨਰੀ ਦੀ ਕਿੱਟ ਵੰਡੀ।
ਇਨ੍ਹਾਂ ਵਿਦਿਆਰਥਣਾਂ ਦੀ ਮੌਜੂਦਗੀ ਵਿੱਚ ਏ ਡੀ ਸੀ (ਡੀ) ਸੋਨਮ ਚੌਧਰੀ ਅਤੇ ਡਾ. ਭਵਨੀਤ ਭਾਰਤੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਹੇਠਲੀ ਮੰਜ਼ਿਲ ‘ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੈਲਪ ਡੈਸਕ ਦਾ ਉਦਘਾਟਨ ਵੀ ਕੀਤਾ ਗਿਆ।
ਨਵੇਂ ਜੁਆਇਨ ਕੀਤੇ ਪੀ ਸੀ ਐਸ ਅਫਸਰ, ਡਾ. ਅੰਕਿਤਾ ਕਾਂਸਲ (ਸਹਾਇਕ ਕਮਿਸ਼ਨਰ) ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਲਈ ਤਿਆਰੀ ਕਰਨ ਦੇ ਸੁਝਾਅ ਦਿੱਤੇ। ਵੱਖ-ਵੱਖ ਪਹਿਲੂਆਂ ਬਾਰੇ ਵਿਦਿਆਰਥੀਆਂ ਦੇ ਸਵਾਲਾਂ ਨੂੰ ਸਾਰੇ ਮਹਿਮਾਨਾਂ ਨੇ ਸੰਬੋਧਿਤ ਕੀਤਾ ਅਤੇ ਉਹਨਾਂ ਨੂੰ ਉਹਨਾਂ ਟੀਚਿਆਂ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ ਜੋ ਕਿ ਉਹਨਾਂ ਨੇ ਪ੍ਰਾਪਤ ਕਰਨ ਦਾ ਫੈਸਲਾ ਲਿਆ ਹੈ।
ਮੁਹਾਲੀ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ


