ਮਾਨਸਾ, 24 ਮਈ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਮਾਡਲ ਕੋਡ ਆਫ ਕੰਡਕਟ ਦੇ ਮੈਨੂਅਲ ਦੇ ਚੈਪਟਰ ਨੰਬਰ 8 ਦੇ ਸੈਕਸ਼ਨ 8.2 (8.2.1) ਵਿਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ Criminal Procedure Code, 1973 (Crpc) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ 30 ਮਈ, 2024 ਨੂੰ ਸ਼ਾਮ ਨੂੰ 06 ਵਜੇ ਤੋਂ ਪਹਿਲਾਂ ਪਹਿਲਾਂ ਵਾਪਸ ਚਲੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨਿਯਤ ਮਿਤੀ ਤੋਂ ਬਾਅਦ 05 ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਅਤੇ ਰੈਲੀ/ਪਬਲਿਕ ਮੀਟਿੰਗ ਆਦਿ ਕਰਨ ’ਤੇ ਪਾਬੰਦੀ ਲਗਾਈ ਹੈ।
ਹੁਕਮ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ, ਭਾਰਤ ਸਰਕਾਰ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਵਿਚ ਲੋਕ ਸਭਾ ਚੋਣਾਂ 01 ਜੂਨ 2024 ਨੂੰ ਹੋਣੀਆਂ ਹਨ। ਇੰਨ੍ਹਾਂ ਚੋਣਾਂ ਸਬੰਧੀ ਚੋਣ ਪ੍ਰਚਾਰ 30 ਮਈ, 2024 ਨੂੰ ਸ਼ਾਮ 06 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ। ਮਾਡਲ ਕੋਡ ਆਫ ਕੰਡਕਟ ਦੇ ਮੈਨੂਅਲ ਦੇ ਚੈਪਟਰ ਨੰਬਰ 8 ਦੇ ਸੈਕਸ਼ਨ 8.2 (8.2.1) ਅਨੁਸਾਰ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹਲਕੇ ਦੇ ਅੰਦਰ ਕੋਈ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਅਤੇ ਹਲਕੇ ਤੋਂ ਬਾਹਰ ਤੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਉਸ ਹਲਕੇ ਵਿਚ ਨਹੀਂ ਹੋਣੀ ਚਾਹੀਦੀ। ਚੋਣ ਪ੍ਰਚਾਰ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਮਾਹੌਲ ਨੂੰ ਖ਼ਰਾਬ ਕਰ ਸਕਦੀ ਹੈ।
ਜੇਕਰ ਕੋਈ ਵੀ ਵਿਅਕਤੀ ਇੰਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ Criminal Procedure Code, 1973 (Crpc) ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 06 ਜੂਨ, 2024 ਤੱਕ ਲਾਗੂ ਰਹੇਗਾ।
ਜ਼ਿਲ੍ਹੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਤੇ ਪਾਰਟੀ ਵਰਕਰਾਂ ਨੂੰ 30 ਮਈ, ਸ਼ਾਮ 06 ਵਜੇ ਤੋਂ ਪਹਿਲਾਂ ਵਾਪਸ ਜਾਣ ਦੀ ਹਦਾਇਤ


