ਮੋਗਾ, 11 ਜੂਨ:
ਪੰਜਾਬ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ ਸ਼੍ਰੀਮਤੀ ਨਿਸ਼ਾ ਰਾਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਸਥਾਪਿਤ ਦੋ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ) ”ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ ਖੋਸਾ ਪਾਂਡੋ ਅਤੇ ”ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ ਰਾਉਕੇ ਕਲਾਂ” ਦਾ ਦੌਰਾ ਅਤੇ ਨਿਰੀਖਣ ਕੀਤਾ।
ਇਸ ਦੌਰੇ ਦੌਰਾਨ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ. ਬੁੱਧ ਸਿੰਘ ਵਾਲਾ ਡਾ. ਅਮਨਦੀਪ ਸਿੰਘ ਬਰਾੜ, ਮੋਗਾ, ਸਹਾਇਕ ਪ੍ਰੋਫੈਸਰ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਡਾ. ਰਮਨਦੀਪ ਕੌਰ, ਡਿਪਟੀ ਰਾਜਿਸਟਰਾਰ ਗੁਰਜੋਤ ਸਿੰਘ, ਸਹਾਇਕ ਰਾਜਿਸਟਰਾਰ ਚਰਨਜੀਤ ਸਿੰਘ ਸੋਹੀ, ਅੰਮ੍ਰਿਤਪਾਲ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਸ਼ਾਮਿਲ ਰਹੇ। ਡਾ. ਅਮਨਦੀਪ ਸਿੰਘ ਬਰਾੜ ਨੇ ਕੇ.ਵੀ.ਕੇ ਮੋਗਾ ਵੱਲੋਂ ਐਫ. ਪੀ.ਓ ਸਥਾਪਿਤ ਕਰਨ ਸੰਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਰਮਨਦੀਪ ਕੌਰ ਨੇ ਐਫ.ਪੀ.ਓ ਦੀਆਂ ਗਤੀਵਿਧੀਆਂ ਅਤੇ ਕੇ.ਵੀ.ਕੇ ਵੱਲੋਂ ਕੀਤੀ ਗਈ ਮੱਦਦ ਸਬੰਧੀ ਦੱਸਣ ਤੋਂ ਇਲਾਵਾ ਐਫ.ਪੀ.ਓ ਦੇ ਪਾਰਦਰਸ਼ੀ ਕੰਮ ਨੂੰ ਚਲਾਉਣ ਲਈ ਆਨਲਾਈਨ ਅੱਪਗ੍ਰੇਡੇਸ਼ਨ ਬਾਰੇ ਦੱਸਿਆ। ਸ਼੍ਰੀਮਤੀ ਨਿਸ਼ਾ ਰਾਣਾ ਨੇ ਐਫ.ਪੀ.ਓ. ਦੇ ਅੱਪਗ੍ਰੇਡੇਸ਼ਨ ਦੀ ਸ਼ਲਾਘਾ ਕੀਤੀ।
”ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰੀ ਸਭਾ, ਖੋਸਾ ਪਾਂਡੋ” ਦੁਆਰਾ ਤਿਆਰ ਕੀਤੇ ਆਰਗੈਨਿਕ ਹਲਦੀ ਦੇ ਪਾਊਡਰ, ਸ਼ੁੱਧ ਸਰੋਂ ਦੇ ਤੇਲ ਅਤੇ ਆਚਾਰ ਦੀ ਕੇਂਦਰ ਵੱਲੋਂ ਕਰਵਾਈ ਗਈ ਵਧੀਆ ਪੈਕੇਜਿੰਗ, ਬਰੈਂਡਿੰਗ, ਐਫ.ਐਸ.ਐਸ.ਏ.ਆਈ ਦੇ ਲਾਇਸੈਂਸ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਉਹਨਾਂ ਕਿਹਾ ਕਿ ਕਿਸਾਨਾਂ ਦੁਆਰਾ ਤਿਆਰ ਪਦਾਰਥ ਜੇਕਰ ਵਧੀਆ ਤਰੀਕੇ ਨਾਲ ਪੈਕ ਕਰਕੇ ਵੇਚੇ ਜਾਣ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ”ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰੀ ਸਭਾ, ਰਾਉਕੇ ਕਲਾਂ” ਵੱਲੋਂ ਚਲਾਏ ਜਾ ਰਹੇ ਪ੍ਰੋਸੈਸਿੰਗ ਯੂਨਿਟ ਦੀ ਪ੍ਰਸੰਸਾ ਕੀਤੀ । ਇਸ ਯੂਨਿਟ ਵਿੱਚ ਐਫ. ਪੀ.ਓ ਵੱਲੋਂ ਸਰੋਂ ਦੇ ਤੇਲ ਦੀ ਕਢਾਈ ਲਈ ਐਕਸਪੈਲਰ, ਮਸਾਲਾ ਗਰਾਈਂਡਰ, ਡੀਪਫ੍ਰੀਜਰ ਅਤੇ ਤਾਜੇ ਗੰਨੇ ਦੇ ਰੋਹ ਲਈ ਜੂਸ ਐਕਸਟ੍ਰੈਕਟਰ ਮਸ਼ੀਨ ਸਥਾਪਿਤ ਕੀਤੀ ਗਈ ਹੈ। ਐਫ. ਪੀ. ਓ ਦੁਆਰਾ ਇਹਨਾਂ ਮਸ਼ੀਨਾਂ ਦੀ ਵਰਤੋਂ ਕਸਟਮ ਹਾਇਰਿੰਗ ਤੌਰ ਤੇ ਅਤੇ ਮੁੱਲ ਵਧਾਊ ਉਤਪਾਦ ਜਿਵੇਂ ਕਿ ਵੇਸਣ, ਹਲਦੀ, ਮੱਕੀ ਦਾ ਆਟਾ, ਸਰੋਂ ਦਾ ਤੇਲ, ਬਦਾਮਾਂ ਦਾ ਤੇਲ, ਨਾਰੀਅਲ ਦਾ ਤੇਲ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹਨਾਂ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਜਿੱਥੇ ਕਿਸਾਨ ਵੀਰ ਇਕੱਠੇ ਹੋ ਕੇ ਆਪਣੀ ਜਿਨਸ ਦੀ ਪ੍ਰੋਸੈਸਿੰਗ ਕਰਕੇ ਵਧੇਰੇ ਮੁਨਾਫਾ ਕਮਾਉਂਦੇ ਹਨ ਅਤੇ ਨਾਲ ਹੀ ਇਲਾਕੇ ਵਿੱਚ ਸ਼ੁੱਧ ਮਿਲਾਵਟ ਰਹਿਤ ਉਤਪਾਦ ਪੈਦਾ ਕਰਦੇ ਹਨ।
ਇਸ ਸਮੇਂ ਮੌਜੂਦ ਕਿਸਾਨ ਸੰਗਠਨ ਖੋਸਾ ਪਾਂਡੋ ਦੇ ਪ੍ਰਧਾਨ ਅਮਨਦੀਪ ਸਿੰਘ ਤੂਰ ਅਤੇ ਰਾਊਕੇ ਦੇ ਜਗਰਾਜ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਦਾ ਭਰੋਸਾ ਦਵਾਇਆ। ਸ਼੍ਰੀਮਤੀ ਨਿਸ਼ਾ ਰਾਣਾ ਨੇ ਔਰਤਾਂ ਨੂੰ ਵੀ ਇਹਨਾਂ ਸੰਗਠਨਾਂ ਨਾਲ ਜੁੜਣ ਦੀ ਸਲਾਹ ਦਿੱਤੀ।
ਪੰਜਾਬ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ ਨਿਸ਼ਾ ਰਾਣਾ ਵੱਲੋਂ ਕੇ.ਵੀ.ਕੇ ਦੁਆਰਾ ਸਥਾਪਿਤ ਐਫ.ਪੀ.ਓਜ ਦਾ ਨਿਰੀਖਣ


