ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 1 ‘ਚ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ

Ludhiana Politics Punjab

ਲੁਧਿਆਣਾ, 16 ਸਤੰਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ ਇੱਕ ਵਿੱਚ ਸੀਵਰੇਜ਼ ਅਤੇ ਪਾਣੀ ਦੀ ਸਪਲਾਈ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਪ੍ਰੋਜੈਕਟ ਤਹਿਤ ਕਰੀਬ 64 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਬੱਗਾ ਨੇ ਕਿਹਾ ਕਿ ਧਰਮ ਹੌਜਰੀ ਕੰਪਲੈਕਸ, ਪਿੱਛੇ ਨਗੇਸ਼ ਹੌਜਰੀ ਵਿਖੇ ਕਰੀਬ 100 ਤੋਂ ਵੱਧ ਹੋਜਰੀ ਦੇ ਕਾਰਖਾਨੇ ਹਨ ਅਤੇ ਹਰੇਕ ਕਾਰਖਾਨੇ ਵਿੱਚ 200 ਤੋਂ ਵੱਧ ਕਾਰੀਗਰ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੋਜ਼ਰੀ ਉਦਯੋਗ ਦੇ ਨੁਮਾਇੰਦਿਆਂ ਵੱਲੋਂ ਆਪਣੀਆਂ ਸੀਵਰੇਜ਼ ਤੇ ਪਾਣੀ ਨਾਲ ਸਬੰਧੀ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦੀਆਂ ਸਨ।
ਵਿਧਾਇਕ ਬੱਗਾ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਵੱਡੇ ਪੱਤਰ ‘ਤੇ ਕਾਰਜ਼ ਆਰੰਭ ਕੀਤੇ ਗਏ ਹਨ ਜਿਸਦੇ ਤਹਿਤ ਵਾਰਡ ਨੰਬਰ 1 ਦੇ ਹੋਜ਼ਰੀ ਨਿਰਮਾਤਾਵਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਂ ਅਤੇ ਵਾਟਰ ਸਪਲਾਈ ਵਾਲੇ ਇਸ ਪ੍ਰੋਜੈਕਟ ‘ਤੇ ਕਰੀਬ 64 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਆਗਾਮੀ 15 ਦਿਨਾਂ ਵਿੱਚ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਵਿਕਾਸ ਪੱਖੋਂ ਪੱਛੜੇ ਹਲਕੇ ਦੇ ਵਿਕਾਸ ਲਈ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੇਹੱਦ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਸਨੀਕਾ ਨੂੰ ਮੁੱਢਲੀਆਂ ਸਹੁਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ।