ਮਾਨਸਾ, 04 ਅਪ੍ਰੈਲ:
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਹਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਊਂਸਲਰ ਰਾਜਿੰਦਰ ਕੁਮਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁਢਲਾਡਾ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਸ਼ਨਾਖ਼ਤ ਲਈ ਚੈਕਿੰਗ ਕੀਤੀ ਗਈ।
ਉਨ੍ਹਾਂ ਜਨਤਕ ਥਾਵਾਂ ’ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਸਭ ਦਾ ਜਾਣੂ ਹੋਣਾ ਲਾਜ਼ਮੀ ਹੈ ਤਾਂ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭੀਖ ਮੰਗਣ ਵਾਲੇ, ਗੁੰਮ ਹੋਏ ਜਾਂ ਲਾਵਾਰਿਸ ਬੱਚਿਆਂ ਦੇ ਮਿਲਣ ’ਤੇ ਸੂਚਨਾ, ਬਾਲ ਭਲਾਈ ਕਮੇਟੀ ਅਤੇ ਸਬੰਧਤ ਥਾਣੇ ਨੂੰ ਦੇਣੀ ਚਾਹੀਦੀ ਹੈ। ਜਿਣਸੀ ਐਕਟ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਮੋਬਾਇਲ ’ਤੇ ਗਲਤ ਸੁਨੇਹੇ ਭੇਜਣਾ ਅਤੇ ਬੱਚਿਆਂ ਨਾਲ ਛੇੜਛਾੜ ਕਰਨ ’ਤੇ ਸਖ਼ਤ ਸਜ਼ਾ ਦਾ ਕਾਨੂੰਨ ਹੈ।
ਉਨ੍ਹਾਂ ਕਿਹਾ ਕਿ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਪੁਲਿਸ ਵਿਭਾਗ, ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵਿਖੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਮੌਕੇ ਪੁਲਿਸ ਵਿਭਾਗ ਵੱਲੋ ਜਸਵਿੰਦਰ ਸਿੰਘ ਅਤੇ ਕੰਵਲਦੀਪ ਸਿੰਘ ਹਾਜ਼ਰ ਸਨ।