ਮਾਨਸਾ, 10 ਅਪ੍ਰੈਲ:ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕੇ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਦੇ ਸੈਕਟਰ ਅਫ਼ਸਰਾਂ ਦੀ ਟਰੇਨਿੰਗ ਹੋਈ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਅਤੇ ਮਾਸਟਰ ਟਰੇਨਰ ਸ੍ਰੀ ਨਰਿੰਦਰ ਸਿੰਘ ਮਾਨਸ਼ਾਹੀਆ ਵੱਲੋਂ ਸਮੂਹ ਸੈਕਟਰ ਅਫ਼ਸਰਾਂ ਨੂੰ ਅਲਾਟ ਕੀਤੇ ਬੂਥਾਂ ਉੱਪਰ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਬਾਰੇ ਜਾਣੂ ਕਰਵਾਇਆ ਗਿਆ। ਪੋਲਿੰਗ ਵਾਲੇ ਦਿਨ ਤੋਂ ਪਹਿਲਾਂ ਦੀ ਤਿਆਰੀ, ਪੋਲਿੰਗ ਵਾਲੇ ਦਿਨ ਦੇ ਕੰਮ ਅਤੇ ਪੋਲਿੰਗ ਸਮਾਪਤ ਹੋਣ ਉਪਰੰਤ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਉੱਪਰ ਵਿਸਥਾਰ ਨਾਲ ਟਰੇਨਿੰਗ ਦਿੱਤੀ ਗਈ।ਹਰੇਕ ਪ੍ਰਕਾਰ ਦੇ ਫਾਰਮ ਨੂੰ ਭਰਨ ਅਤੇ ਚੈੱਕਲਿਸਟ ਅਨੁਸਾਰ ਕੰਮ ਨੂੰ ਸਹੀ ਅਤੇ ਸਮੇਂ ਸਿਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਅੜਚਨ/ਪ੍ਰੇਸ਼ਾਨੀ ਆਉਣ ਦੀ ਸੂਰਤ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਦੱਸਿਆ ਗਿਆ।ਸਮੂਹ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਹਰ ਇਕ ਗਤੀਵਿਧੀ ਅਤੇ ਕੰਮ ਨੂੰ ਮਿਹਨਤ, ਲਗਨ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਉਣ ਲਈ ਕਿਹਾ ਗਿਆ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਤਿੰਨੋ ਵਿਧਾਨ ਸਭਾਹਲਕਿਆਂ ਦੇ ਸੈਕਟਰ ਅਫ਼ਸਰਾਂ ਦੀ ਟਰੇਨਿੰਗ ਕਰਵਾਈ


