ਜਲਾਲਾਬਾਦ, 19 ਮਈ
ਲੋਕ ਸਭਾ ਚੋਣਾਂ 2024 ਵਿਚ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਅੱਜ ਇੱਥੇ ਸਰਕਾਰੀ ਆਈਟੀਆਈ ਵਿਖੇ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਵਿਸੇਸ਼ ਤੌਰ ਤੇ ਪਹੁੰਚੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਅਧਾਰ ਹੁੰਦਾ ਹੈ ਅਤੇ ਜੋ ਚੋਣ ਅਮਲਾ ਮਤਦਾਨ ਪ੍ਰਕ੍ਰਿਆ ਪੂਰੀ ਕਰਵਾਉਣ ਵਿਚ ਆਪਣਾ ਯੋਗਦਾਨ ਦਿੰਦਾ ਹੈ ਉਹ ਅਸਲ ਵਿਚ ਦੇਸ਼ ਦੇ ਮਹਾਨ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਕਰ ਰਿਹਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਡਿਊਟੀ ਕਰਨਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਕਰਮਚਾਰੀ ਫਖ਼ਰ ਨਾਲ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਪਾਉਣ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੀ ਕਰਨ।
ਉਨ੍ਹਾਂ ਨੇ ਕਿਹਾ ਕਿ ਚੋਣ ਅਮਲੇ ਦੀ ਸਹੁਲਤ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਚੋਣ ਅਮਲੇ ਨੂੰ ਕੋਈ ਦਿੱਕਤ ਨਾ ਆਵੇ। ਉਨਾਂ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਵੀ ਸਾਰੇ ਪ੍ਰਬੰਧ ਹੋਣਗੇ। ਉਨ੍ਹਾਂਨੇ ਕਿਹਾ ਕਿ ਕਰਮਚਾਰੀ ਸਿਖਲਾਈ ਸਮੇਂ ਸਾਰੀਆਂ ਬਰੀਕੀਆਂ ਸਮਝ ਕੇ ਜਾਣ ਤਾਂ ਜੋ ਉਨ੍ਹਾਂ ਨੂੰ ਬਾਅਦ ਵਿਚ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਐਸਡੀਐਮ ਜਲਾਲਾਬਾਦ ਸ੍ਰੀ ਬਲਕਰਨ ਸਿੰਘ, ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਅਵਤਾਰ ਸਿੰਘ ਤੇ ਕਸਿਸ਼ ਕੁਮਾਰ ਵੀ ਹਾਜਰ ਸਨ। ਜਦ ਕਿ ਇਸ ਮੌਕੇ ਮਾਸਟਰ ਟ੍ਰੇਨਰਾਂ ਨੇ ਸਾਰੀਆਂ ਬਾਰੀਕੀਆਂ ਤੋਂ ਚੋਣ ਅਮਲੇ ਨੂੰ ਜਾਣੂ ਕਰਵਾਇਆ।
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ


