ਫਾਜਿ਼ਲਕਾ, 26 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪਿਛਲੇ ਵਿਤੀ ਸਾਲਾਂ ਦੀ ਬਕਾਇਆ ਅਦਾਇਗੀ ਨੂੰ ਆਉਣ ਸਾਰ ਹੀ ਜਾਰੀ ਕਰਨ ਅਤੇ ਵਿਤੀ ਸਾਲ 2023-24 ਸਮੇਂ ਸਿਰ ਅਦਾਇਗੀ ਕਰਕੇ ਫਸਲੀ ਵਿਭਿਨਤਾ ਲਿਆਉਂਦੇ ਹੋਏ ਗੰਨੇ ਦੀ ਫਸਲ ਦੀ ਕਾਸ਼ਤ ਕਰਨ ਵੱਲ ਮੋੜ ਦਿੱਤਾ ਹੈ। ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 2023-24 ਵਿਚ 930848 ਕੁਇੰਟਲ ਗੰਨਾ ਸ਼ੁਗਰ ਮਿਲ ਵਿਚ ਪਿੜਾਈ ਲਈ ਪਹੁੰਚਿਆ ਸੀ ਜੋ ਕਿ ਪਿਛਲੇ ਸਾਲ ਨਾਲੋ ਦੁੱਗਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ।
ਹਲਕਾ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਲ 2023-24 ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦੀ ਬਣਦੀ ਅਦਾਇਗੀ 36 ਕਰੋੜ ਵਿਚੋਂ 29 ਕਰੋੜ ਦੀ ਅਦਾਇਗੀ ਨਾਲੋ-ਨਾਲ ਕੀਤੀ ਜਾ ਚੁੱਕੀ ਹੈ ਤੇ ਬਕਾਇਆ ਰਹਿੰਦੀ ਅਦਾਇਗੀ ਵੀ ਜਲਦ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਗਈ ਹੈ ਉਥੇ ਮਿਲ ਦੇ ਕਰਮਚਾਰੀਆਂ ਦੀ ਵੀ ਲੰਬੇ ਸਮੇਂ ਤੋਂ ਤਨਖਾਹਾਂ ਦੇ ਪਏ ਬਕਾਏ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਆਉਣ ਸਾਰ ਹੀ ਜਾਰੀ ਕੀਤੇ ਗਏ।
ਵਿਧਾਇਕ ਸ੍ਰੀ ਨਰਿੰਦਪਾਲ ਸਿੰਘ ਸਵਨਾ ਨੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਹੈ ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ। ਇਨ੍ਹਾਂ ਉਪਰਾਲਿਆਂ ਸਦਕਾ ਹੀ ਕਿਸਾਨ ਵੀਰ ਗੰਨੇ ਦੀ ਕਾਸ਼ਤ ਕਰਨ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਹੀ ਸਾਲ 2022—23 ਦੇ ਮੁਕਾਬਲੇ ਸਾਲ 2023-24 ਵਿਚ ਸ਼ੁਗਰ ਮਿਲ ਵਿਖੇ ਗੰਨਾ ਦੁਗਣਾ ਹੋ ਕੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਇਨ੍ਹਾ ਉਪਰਾਲਿਆਂ ਦੇ ਮੱਦੇਨਜਰ ਇਸ ਸੀਜਨ ਵਿਚ 14 ਲੱਖ ਕੁਇੰਟਲ ਤੋਂ ਵਧੇਰੇ ਗੰਨਾ ਆਉਣ ਦੀ ਉਮੀਦ ਹੈ।
ਵਿਧਾਇਕ ਫਾਜ਼ਿਲਕਾ ਨੇ ਬੋਦੀ ਵਾਲਾ ਪਿਥਾ ਸ਼ੁਗਰ ਮਿਲ ਵਿਖੇ ਪਹੁੰਚ ਕੇ ਕਰਮਚਾਰੀਆਂ ਤੋਂ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਕਰਮਚਾਰੀਆਂ ਦੀ ਸਮੱਸਿਆਵਾਂ ਵੀ ਸੁਣੀਆ ਤੇ ਜਲਦ ਹਲ ਕਰਵਾਉਣ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸ਼ੁਗਰ ਮਿਲ ਨੂੰ ਹੋਰ ਵਿਕਸਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਗੰਨੇ ਦੀ ਕਾਸਤ ਪ੍ਰਤੀ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਸਾਲ ਗੰਨੇ ਹੇਠ ਰਕਬਾ ਪਿੱਛਲੇ ਸਾਲ ਨਾਲੋਂ ਵੱਧੇਗਾ। ਇਸ ਨਾਲ ਭਵਿੱਖ ਲਈ ਖੰਡ ਮਿਲ ਨੂੰ ਪੂਰੀ ਮਾਤਰਾ ਵਿਚ ਗੰਨਾ ਮਿਲ ਸਕੇਗਾ।
ਇਸ ਮੌਕੇ ਜਨਰਲ ਮੈਨੇਜਰ ਸ਼ੁਗਰ ਮਿਲ ਸੁਖਦੀਪ ਸਿੰਘ, ਹਰਮਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ ਮੌਜੁਦ ਸੀ।