ਜਿਲ੍ਹੇ ਵਿੱਚ ਲਗਾਏ ਜਾਂਦੇ ਸੁਵਿਧਾ ਕੈਂਪਾਂ ਵਿੱਚ ਲੋਕਾਂ ਸ਼ਿਕਾਇਤਾਂ ਤੇ ਹੁੰਦੀ ਹੈ ਤੁਰੰਤ ਕਾਰਵਾਈ-ਡਿਪਟੀ ਕਮਿਸ਼ਨਰ

Faridkot

ਫਰੀਦਕੋਟ 16 ਅਗਸਤ,

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿੱਥੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸਮੇਂ ਸਮੇਂ ਤੇ ਜਿਲ੍ਹੇ ਵਿੱਚ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਉੱਥੇ ਹੀ ਕੈਂਪ ਦੌਰਾਨ ਪ੍ਰਾਪਤ ਸ਼ਿਕਾਇਤਾਂ ਨੂੰ ਪ੍ਰਸ਼ਾਸ਼ਨ ਵੱਲੋਂ ਤੁਰੰਤ ਹੀ ਦੂਰ ਵੀ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਸਮੂਹ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਕੈਂਪਾਂ ਦੌਰਾਨ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਨੂੰ ਤੁਰੰਤ ਪ੍ਰਭਾਵ ਦੂਰ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਦੀਪ ਸਿੰਘ ਵਾਲਾ ਵਿਖੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਏ ਸੁਵਿਧਾ ਕੈਂਪ ਵਿੱਚ ਲੋਕਾਂ ਵੱਲੋਂ ਪਿੰਡ ਦੇ ਪੰਚਾਇਤ ਘਰ ਤੇ ਕੁਝ ਲੋਕਾਂ ਵੱਲੋਂ ਕਬਜਾ ਕਰਕੇ ਸਮਾਨ ਰੱਖੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਨਾਲ ਹੀ ਲੋਕਾਂ ਨੇ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਪਿੰਡ ਦੀਪ ਸਿੰਘ ਵਾਲਾ ਤੋਂ ਗੁਰਹਰਸਾਏ ਨੂੰ ਜਾਂਦੀ ਸੜਕ ਉੱਪਰ ਲੋਕਾਂ ਵੱਲੋਂ ਰੂੜੀ ਦੇ ਢੇਰ  ਲਗਾਏ ਜਾ ਰਹੇ ਹਨ ਜਿਸ ਕਰਕੇ ਲੋਕਾਂ ਨੂੰ ਸੜਕ ਰਾਹੀਂ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਬਲਾਕ ਵਿਕਾਸ ਦੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਪ੍ਰਾਪਤ ਸ਼ਿਕਾਇਤਾਂ ਨੂੰ ਤੁਰੰਤ ਪ੍ਰਭਾਵ ਦੂਰ ਕੀਤਾ ਜਾਵੇ। ਜਿਸ ਤੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕਾਰਵਾਈ ਕਰਕੇ ਤੁਰੰਤ ਪ੍ਰਭਾਵ ਪੰਚਾਇਤ ਘਰ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੀਪ ਸਿੰਘ ਵਾਲਾ ਤੋਂ ਗੁਰਹਰਸਾਏ ਨੂੰ ਜਾਂਦੀ ਸੜਕ ਉੱਪਰ ਲੱਗੇ ਰੂੜੀ ਦੇ ਢੇਰਾਂ ਨੂੰ ਜੇ.ਸੀ.ਬੀ ਦੀ ਮਦਦ ਨਾਲ ਰੂੜੀ ਨੂੰ ਤੁਰੰਤ ਚੁੱਕਵਾਂ ਕੇ ਸੜਕ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਕੂੜਾ ਸੁੱਟਣ ਲਈ ਢੁੱਕਵੀਂ ਜਗ੍ਹਾ ਮੁਹੱਈਆ ਕਰਵਾ ਦਿੱਤੀ ਗਈ ਹੈ।