ਚੰਡੀਗੜ੍ਹ, 28 ਅਪ੍ਰੈਲ:
ਸੇਵਾਵਾਂ ਨਿਭਾ ਰਹੇ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਪੰਜਾਬ ਸਰਕਾਰ ਨੇ ਪਿਛਲੇ ਵਿੱਤੀ ਸਾਲ ਦੌਰਾਨ ਬਹਾਦਰੀ ਅਤੇ ਵਿਲੱਖਣ ਸੇਵਾਵਾਂ ਲਈ 1615 ਪੁਰਸਕਾਰ ਜੇਤੂਆਂ ਨੂੰ ਕੁੱਲ 15.53 ਕਰੋੜ ਰੁਪਏ ਦੀ ਰਾਸ਼ੀ ਵੰਡੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਕਿ ਇਹ ਰਾਸ਼ੀ ਪੰਜਾਬ ਨਾਲ ਸਬੰਧਤ ਸੈਨਿਕਾਂ ਵੱਲੋਂ ਨਿਭਾਈਆਂ ਗਈਆਂ ਬੇਮਿਸਾਲ ਬਹਾਦਰੀ ਅਤੇ ਵਿਲੱਖਣ ਸੇਵਾਵਾਂ ਦੇ ਸਨਮਾਨ ਵਜੋਂ ਵੰਡੀ ਗਈ ਹੈ। ਉਨ੍ਹਾਂ ਕਿਹਾ, “ਸਾਡੇ ਬਹਾਦਰ ਸੈਨਿਕਾਂ ਨੇ ਆਪਣੀ ਮਿਸਾਲੀ ਹਿੰਮਤ ਅਤੇ ਨਿਰਸਵਾਰਥ ਸੇਵਾ ਰਾਹੀਂ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ। ਉਨ੍ਹਾਂ ਦਾ ਬਣਦਾ ਸਨਮਾਨ ਕਰਨਾ ਸਾਡਾ ਫਰਜ਼ ਹੈ।” ਸ੍ਰੀ ਭਗਤ ਨੇ ਕਿਹਾ ਕਿ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਕਦੇ ਵੀ ਮੁੱਲ ਨਹੀਂ ਚੁਕਾਇਆ ਜਾ ਸਕਦਾ, ਪਰ ਸਰਕਾਰ ਉਨ੍ਹਾਂ ਦੀ ਬਹਾਦਰੀ ਨੂੰ ਮਾਨਤਾ ਦੇਣ ਅਤੇ ਸਲਾਮ ਕਰਨ ਲਈ ਕੋਈ ਮੌਕਾ ਨਹੀਂ ਛੱਡੇਗੀ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਲਗਾਤਾਰ ਤਰਜੀਹ ਦਿੱਤੀ ਹੈ। ਸਰਕਾਰ ਵੱਲੋਂ ਸਮੇਂ ਸਿਰ ਵਿੱਤੀ ਸਹਾਇਤਾ, ਸੈਨਿਕਾਂ ਦੇ ਬੱਚਿਆਂ ਲਈ ਸਿੱਖਿਆ ਲਾਭ ਅਤੇ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਸਾਬਕਾ ਸੈਨਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸ੍ਰੀ ਮੋਹਿੰਦਰ ਭਗਤ ਨੇ ਅੱਗੇ ਕਿਹਾ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਸੇਵਾਵਾਂ ਨਿਭਾ ਰਹੇ ਅਤੇ ਸੇਵਾਮੁਕਤ ਸੈਨਿਕਾਂ ਨੂੰ ਸਨਮਾਨ ਅਤੇ ਕੁਸ਼ਲਤਾ ਨਾਲ ਸਾਰੇ ਲਾਭ ਅਤੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ।