ਮਾਣਯੋਗ ਚੀਫ਼ ਜਸਟਿਸ ਨੇ 4 ਮੰਜ਼ਿਲਾ ਏ.ਡੀ.ਆਰ ਸੈਂਟਰ ਦਾ ਨੀਂਹ ਪੱਥਰ ਰੱਖਿਆ

Barnala Politics Punjab

 ਬਰਨਾਲਾ, 22 ਮਾਰਚ

     ਮਾਨਯੋਗ ਚੀਫ਼ ਜਸਟਿਸ ਸ੍ਰੀ ਸ਼ੀਲ ਨਾਗੂ (ਪੈਟਰਨ ਇੰਨ ਚੀਫ਼, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ), ਮਾਨਯੋਗ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਤੇ ਹੋਰ ਮੈਂਬਰਾਂ ਵਲੋਂ 4 ਮੰਜ਼ਿਲਾ ਏਡੀਆਰ ਸੈਂਟਰ ਬਰਨਾਲਾ ਦਾ ਨੀਂਹ ਪੱਥਰ ਰੱਖਿਆ ਗਿਆ। 

      ਇਹ ਪੰਜਾਬ ਦਾ 9ਵਾਂ ਏ.ਡੀ.ਆਰ ਸੈਂਟਰ ਹੈ ਜੋ ਕਿ ਫਰੰਟ ਆਫਿਸ, ਮੀਡੀਏਸ਼ਨ ਸੈਂਟਰ, ਜੁਵੇਨਾਈਲ ਜਸਟਿਸ ਬੋਰਡ, ਲੋਕ ਅਦਾਲਤ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫ਼ਤਰ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਏਗਾ। 

    ਇਸ ਮੌਕੇ ਮਾਣਯੋਗ ਚੀਫ਼ ਜਸਟਿਸ ਸ਼ੀਲ ਨਾਗੂ ਦੇ ਨਾਲ ਮਾਨਯੋਗ ਜਸਟਿਸ ਸ੍ਰੀ ਅਰੁਣ ਪੱਲੀ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ, ਮਾਨਯੋਗ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ, ਮਾਣਯੋਗ ਜਸਟਿਸ ਗੁਰਵਿੰਦਰ ਸਿੰਘ ਗਿੱਲ ਮੈਂਬਰ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਸੂਵੀਰ ਸਹਿਗਲ ਮੈਂਬਰ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਕੁਲਦੀਪ ਤਿਵਾੜੀਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਸਟਿਸ ਅਮਰਜੋਤ ਭੱਟੀ ਮੈਂਬਰ ਬਿਲਡਿੰਗ ਕਮੇਟੀ ਪੰਜਾਬ ਮੌਜੂਦ ਸਨ।

   ਮਾਨਯੋਗ ਜਸਟਿਸ ਕੁਲਦੀਪ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਨੂੰ ਏ.ਡੀ.ਆਰ.ਸੈਂਟਰ ਤੋਂ ਇਲਾਵਾ ਪੋਸਟ ਆਫਿਸ ਐਕਸਟੈਂਸ਼ਨ ਕਾਊਂਟਰ, ਡਿਸਪੈਂਸਰੀ ਤੇ 102 ਨਵੇਂ ਐਡਵੋਕੇਟ ਚੈਂਬਰ ਮੁਹਈਆ ਹੋਏ ਹਨ।

     ਸ੍ਰੀ ਬੀ.ਬੀ.ਐਸ. ਤੇਜੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਮਾਨਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਹੋਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦਾ ਸਵਾਗਤ ਕੀਤਾ। ਮਾਨਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੀ ਇਜਾਜ਼ ਅਨੁਸਾਰ ਨੀਂਹ ਪੱਥਰ ਦੀ ਰਸਮ ਵਰਚੁਅਲ ਮੋਡ ਰਾਹੀਂ ਦੀਪ ਜਗਾ ਕੇ ਕੀਤੀ ਗਈ।

     ਇਸ ਉਪਰੰਤ ਮਾਨਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਰੀਬਨ ਕੱਟ ਕੇ ਵਰਚੁਅਲ ਮੋਡ ਰਾਹੀਂ ਨੀਂਹ ਪੱਥਰ ਰੱਖਿਆ ਗਿਆ।

  ਉਨ੍ਹਾਂ ਕਿਹਾ ਕਿ ਇਸ ਏ.ਡੀ.ਆਰ ਸੈਂਟਰ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਸਮਝੌਤਾ ਸਦਨ, ਜੁਵੇਨਾਈਲ ਜਸਟਿਸ ਬੋਰਡ ਅਤੇ ਸਥਾਈ ਲੋਕ ਅਦਾਲਤ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਮਿਲਣਗੀਆਂ ਅਤੇ ਇਹ ਏ.ਡੀ.ਆਰ ਕੇਂਦਰ ਲੋਕਾਂ ਦੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

    ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਆਈਏਐੱਸ ਅਤੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਵੀ ਮੌਜੂਦ ਸਨ।

   ਸ੍ਰੀ ਪੰਕਜ ਬਾਂਸਲ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਨੇ ਵੀ ਮਾਣਯੋਗ ਚੀਫ਼ ਜਸਟਿਸ ਅਤੇ ਹਾਈ ਕੋਰਟ ਦੇ ਜੱਜਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *