ਫਾਜਿਲਕਾ, 20 ਨਵੰਬਰ
ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਲਈ ਸਿਹਤ ਸਹੂਲਤਾਂ ਦਾ ਵਾਧਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ—ਵੱਖ ਤਰ੍ਹਾਂ ਦੇ ਸਿਹਤ ਯੁਨਿਟ ਉਲੀਕੇ ਜਾ ਰਹੇ ਹਨ। ਮੌਜੂਦਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਚਿੰਤਿਤ ਹੈ ਤੇ ਸਰਹੱਦੀ ਜ਼ਿਲੇ੍ਹ ਦੇ ਲੋਕਾਂ ਨੂੰ ਦੂਰ—ਦਰਾਡੇ ਨਾ ਜਾਣਾ ਪਵੇ, ਇਸ ਲਈ ਫਾਜ਼ਿਲਕਾ ਅੰਦਰ ਹੀ ਸਿਹਤ ਸੇਵਾਵਾ ਪ੍ਰਦਾਨ ਕਰਨ ਦੇ ਉਦੇਸ਼ ਸਦਕਾ ਸਿਹਤ ਪ੍ਰੋਜੈਕਟ ਵਿਕਸਿਤ ਕੀਤੇ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ ਵਿਖੇ ਬਣ ਰਹੇ ਵੱਖ—ਵੱਖ ਯੁਨਿਟਾਂ ਦਾ ਦੌਰਾਨ ਕਰਨ ਮੌਕੇ ਕੀਤਾ।
ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਨਵੇਂ ਸਿਵਲ ਹਸਪਤਾਲ ਦੇ ਨਾਲ ਲਗਭਗ 23 ਕਰੋੜ ਦੀ ਲਾਗਤ ਨਾਲ ਕ੍ਰਿਟੀਕਲ ਕੇਅਰ ਬਲਾਕ, 16 ਕਰੋੜ ਦੀ ਲਾਗਤ ਨਾਲ ਜਚਾ—ਬਚਾ ਹਸਪਤਾਲ, 1.25 ਕਰੋੜ ਦੀ ਲਾਗਤ ਨਾਲ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਾਰਟਰੀ ਅਤੇ 75 ਲੱਖ ਦੀ ਲਾਗਤ ਨਾਲ ਮਰੀਜ ਸਹੂਲਤ ਸੈਂਟਰ ਤੇ ਹਸਪਤਾਲ ਵਿਖੇ ਸੋਲਰ ਪਲਾਂਟ ਦਾ ਕੰਮ ਕਾਰਵਾਈ ਅਧੀਨ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਬਿਲਡਿੰਗਾਂ ਦੀ ਪੂਰਤੀ ਨਾਲ ਜ਼ਿਲ੍ਹਾ ਸਿਹਤ ਸਹੂਲਤਾਂ ਨਾਲ ਭਰਪੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਨਾਲ ਦੀ ਨਾਲ ਇਲਾਜ ਦੇਣ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਨਾਲ ਯੋਗ ਉਪਰਾਲੇ ਕਰ ਰਹੀ ਹੈ।
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਬਾਬਾ ਫਰੀਦ ਯੁਨੀਵਰਸਿਟੀ ਹੈਲਥ ਸਾਇੰਸ ਤੋਂ ਆਏ ਅਧਿਕਾਰੀਆਂ ਨੇ ਬਣ ਰਹੇ ਕੈਂਸਰ ਹਸਪਤਾਲ ਦਾ ਜਾਇਜਾ ਲਿਆ ਤਾਂ ਜ਼ੋ ਜਲਦ ਤੋਂ ਜਲਦ ਇਸ ਨੂੰ ਸ਼ੁਰੂ ਕੀਤਾ ਜਾ ਸਕੇ।ਇਸ ਤੋਂ ਇਲਾਵਾ ਕ੍ਰਿਟੀਕਲ ਕੇਅਰ ਯੁਨਿਟ ਦੀ ਬਿਲਡਿੰਗ ਦੀ ਉਸਾਰੇ ਦੇ ਕੰਮ ਦਾ ਵੀ ਨਿਰੀਖਣ ਕੀਤਾ। ਸਿਹਤ ਪ੍ਰੋਜੈਕਟਾ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਸਬੰਧੀ ਸਿਹਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਨੀ ਜਲਦੀ ਸਿਹਤ ਪ੍ਰੋਜੈਕਟ ਮੁਕੰਮਲ ਹੋਣਗੇ ਉਨੀ ਜਲਦੀ ਹੀ ਇਹ ਪ੍ਰੋਜ਼ੈਕਟ ਲੋਕ ਅਰਪਣ ਕੀਤੇ ਜਾ ਸਕਣਗੇ ਤੇ ਜਿਲ੍ਹਾ ਵਾਸੀ ਇਸਦਾ ਲਾਹਾ ਹਾਸਲ ਕਰ ਸਕਣਗੇ।
ਇਸ ਮੌਕੇ ਡਾ. ਰੋਹਿਤ ਗੋਇਲ, ਡਾ. ਅਰਪਿਤ ਗੁਪਤਾ, ਡਾ. ਐਰਿਕ, ਡਾ. ਭੁਪੇਨ, ਡਾ. ਨਿਸ਼ਾਂਤ ਸੇਤੀਆ, ਪਾਰਸ ਕਟਾਰੀਆ, ਮਨਪ੍ਰੀਤ, ਸ਼ੰਕਰ ਤੋਂ ਇਲਾਵਾ ਸਿਹਤ ਸਟਾਫ ਤੇ ਹੋਰ ਅਧਿਕਾਰੀ ਅਤੇ ਪਤਵੰਤੇ ਸਜਨ ਮੌਜੂਦ ਸਨ।
41 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਫਾਜ਼ਿਲਕਾ ਅੰਦਰ ਸਿਹਤ ਪ੍ਰੋਜੈਕਟਾ ਨੂੰ ਕੀਤਾ ਜਾ ਰਿਹੈ ਮੁਕੰਮਲ—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ


