ਬਰਨਾਲਾ, 24 ਮਾਰਚ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਵੱਲੋਂ ਟੀ ਬੀ (ਤਪਦਿਕ) ਬਾਰੇ ਜ਼ਿਲ੍ਹੇ ਦੇ ਸਿਹਤ ਕੇਂਦਰਾਂ ‘ਚ ਚੈੱਕਅੱਪ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਬਲਦੇਵ ਸਿੰਘ ਸੰਧੂ ਵੱਲੋਂ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਟੀ ਬੀ ਦੀ ਬਿਮਾਰੀ ਇਲਾਜਯੋਗ ਹੈ। ਇਸ ਲਈ ਬਿਨ੍ਹਾਂ ਦੇਰੀ ਤੋਂ ਸਿਵਲ ਹਸਪਤਾਲ ‘ਚ ਜਾਂਚ ਕਰਵਾ ਕੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ।
ਡਾ. ਮੋਨਿਕਾ ਬਾਂਸਲ ਜ਼ਿਲ੍ਹਾ ਟੀ ਬੀ ਨੋਡਲ ਅਫ਼ਸਰ ਨੇ ਦੱਸਿਆ ਕਿ ਟੀ.ਬੀ. ਦਾ ਇਲਾਜ ਸੰਭਵ ਹੈ। ਜਿਸ ਲਈ ਸਮੇਂ ਸਿਰ ਰੋਗੀ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਜਾਂ ਉਸ ਤੋਂ ਵੱਧ ਲਗਾਤਾਰ ਖਾਂਸੀ, ਭਾਰ ਘੱਟਦਾ ਹੋਵੇ, ਬੁਖਾਰ ਜਾਂ ਭੁੱਖ ਘੱਟ ਲੱਗਦੀ ਹੋਵੇ ਤਾਂ ਉਸ ਨੂੰ ਟੀ.ਬੀ. ਦੀ ਸ਼ਿਕਾਇਤ ਹੋ ਸਕਦੀ ਹੈ । ਇਸ ਲਈ ਨੇੜੇ ਦੇ ਸਰਕਾਰੀ ਹਸਪਤਾਲਾਂ ‘ਚ ਡਾਕਟਰੀ ਸਲਾਹ, ਬਲਗਮ ਦੀ ਜਾਂਚ, ਛਾਤੀ ਦੇ ਐਕਸ-ਰੇ ਅਤੇ ਸੀਬੀ ਨਾਟ ਟੈਸਟ ਕਰਵਾਉਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਸਰਕਾਰ ਦੀ ਤਰਫੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਡਾਟ ਸੈਂਟਰ ਹਰ ਪਿੰਡ ਅਤੇ ਸ਼ਹਿਰ ਵਿੱਚ ਖੋਲੇ ਗਏ ਹਨ ਜਿੱਥੇ ਟੀ.ਬੀ. ਦੀ ਮੁਫ਼ਤ ਦਵਾਈ ਖਵਾਈ ਜਾਂਦੀ ਹੈ। ਟੀ.ਬੀ. ਦੇ ਮਰੀਜ਼ਾਂ ਨੂੰ ਮੌਕੇ ‘ਤੇ ਸਲਾਹ ਦਿੱਤੀ ਜਾਂਦੀ ਹੈ ਕਿ ਓਹ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ ਕਿਓਂਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਤੇ ਇਕ ਖਤਰਨਾਕ ਟੀ.ਬੀ. ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਵਿਚ ਵੱਧ ਸਮਾਂ ਲਗਦਾ ਹੈ।
ਇਸੇ ਤਰ੍ਹਾਂ ਐਸ ਐਮ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਹਿਲ ਕਲਾਂ ਬਲਾਕ ਅਧੀਨ ਪਿੰਡਾਂ ਵਿਚ ਟੀ.ਬੀ ਦੀ ਬਿਮਾਰੀ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।