ਸਿਹਤ ਵਿਭਾਗ ਨੇ ਵਿਸ਼ਵ ਟੀਕਾਕਰਨ ਹਫ਼ਤੇ ਸਬੰਧੀ ਜਾਗਰੂਕਤਾ ਰੈਲੀ ਕੱਢੀ

Ferozepur

ਫਿਰੋਜ਼ਪੁਰ, 24 ਅਪ੍ਰੈਲ 2024 ( )

        ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਫਿਰੋਜ਼ਪੁਰ ਵਲੋਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੀ ਸ਼ੁਰੂਆਤ ਮੌਕੇ ਅੱਜ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਕਾਰਜ਼ਕਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਕਿਹਾ ਕਿ ਇਸ ਮੁਹਿੰਮ ਹੇਠ ਪੂਰੇ ਜ਼ਿਲ੍ਹੇ ਵਿੱਚ ਸਪੈਸ਼ਲ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ।

        ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ ਜਾਗਰੂਕਤਾ ਰੈਲੀ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ ਰਾਮ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਸ਼ਾਲ ਬਜਾਜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨਾਲ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਇਸ਼ਾ ਨਰੂਲਾ ਅਤੇ ਡਾ. ਗਗਨਪ੍ਰੀਤ ਮੌਜੂਦ ਸਨ। ਇਹ ਜਾਗਰੂਕਤਾ ਰੈਲੀ ਸਿਵਲ ਹਸਪਤਾਲ ਦੇ ਨੇੜਲੇ ਬਜ਼ਾਰਾਂ ਚੋ ਹੁੰਦੀ ਹੋਈ ਵਾਪਸ ਸਿਵਲ ਹਸਪਤਾਲ ਆ ਕੇ ਸਮਾਪਤ ਹੋਈ। ਇਸ ਤੋਂ ਇਲਾਵਾ ਵਿਸ਼ਵ ਟੀਕਾਕਰਨ ਹਫ਼ਤੇ ਸੰਬਧੀ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲੇ ਵਿਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।

        ਇਸ ਮੌਕੇ ਡਾ. ਇਸ਼ਾ ਨਰੂਲਾ ਨੇ ਦੱਸਿਆ ਕਿ ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਉਨਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਪਰਵਾਸੀ ਅਬਾਦੀ ਅਤੇ ਹੋਰ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ।

           ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਸਿਹਤ ਵਿਭਾਗ ਵਲੋਂ ਲਗਾਏ ਜਾ ਰਹੇ ਸਪੈਸ਼ਲ ਕੈਂਪਾ ਵਿੱਚ ਜ਼ਰੂਰ ਕਰਵਾਇਆ ਜਾਵੇ।