ਸੱਪ ਦੇ ਡੰਗਣ ਦੀ ਸੂਰਤ ਵਿੱਚ ਇਲਾਜ ਲਈ ਜਲਦ ਤੋਂ ਜਲਦ ਪਹੁੰਚਿਆ ਜਾਵੇ ਸਿਹਤ ਸੰਸਥਾ: ਡਾ ਕਵਿਤਾ ਸਿੰਘ

Fazilka

ਫਾਜਿਲਕਾ 5 ਅਗਸਤ

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਫਾਜਿਲਕਾ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੱਪ ਦੇ ਕੱਟਣ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰਖਿਅਤ ਲਈ ਹਰ ਸਮੇਂ ਯਤਨਸ਼ੀਲ ਹੈ। ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸੀ ਨਾਲ ਕੰਮ ਕਰ ਰਿਹਾ ਹੈ। 

ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਅਡਵਾਇਜ਼ਰੀ ਜਾਰੀ ਕਰਦਿਆ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਦੀ ਸੂਰਤ ਵਿਚ ਇਲਾਜ ਲਈ ਪਹਿਲਾ ਇਕ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ। ਜਲਦੀ ਇਲਾਜ ਨਾ ਮਿਲਣ ਤੇ ਪੀੜਤ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ ਵਿਚ ਐਂਟੀ ਫੋਨੇਮ ਇੰਜੈਕਸ਼ਨ ਉਪਲਬੱਧ ਹਨ। ਸੱਪ ਦੇ ਡੰਗਣ ਦੀ ਸੂਰਤ ਵਿਚ ਘਬਰਾਓ ਨਹੀ, ਸਗੋਂ ਪੀੜਤ ਨੂੰ ਬਿਨ੍ਹਾ ਕਿਸੇ ਦੇਰੀ ਦੇ ਤੁਰੰਤ ਐਬੂਲੈਸ ਨੂੰ ਬੁਲਾ ਕੇ ਹਸਪਤਾਲ ਲੈ ਜਾਓ ਅਤੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਓ।

ਉਨ੍ਹਾਂ ਕਿਹਾ ਕਿ ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸੱਪ ਦੇ ਡੰਗਣ ਦੇ ਕੁਝ ਆਮ ਲੱਛਣਾਂ ਵਿੱਚ ਦਰਦ, ਸੋਜ, ਛਾਲੇ, ਡੰਗੇ ਹੋਏ ਅੰਗ ਤੋਂ ਖੂਨ ਵਹਿਣਾ, ਪਲਕਾਂ ਦਾ ਲਟਕਣਾ, ਸਾਹ ਲੈਣ ਵਿਚ ਮੁਸ਼ਕਿਲ, ਨਿਗਲਣ ਅਤੇ ਬੋਲਣ ਵਿਚ ਮੁਸ਼ਕਿਲ, ਗਰਦਨ ਦੀਆਂ ਮਾਸਪੇਸ਼ੀਆ ਵਿਚ ਕਮਜ਼ੋਰੀ, ਸਿਰ ਚੁੱਕਣ ਵਿੱਚ ਮੁਸ਼ਕਿਲ, ਕੰਨ ਨੱਕ ਗਲੇ ਜਾਂ ਮਸੂੜਿਆਂ ਵਿੱਚ ਖੂਨ ਵਗਣਾ ਆਦਿ ਸ਼ਾਮਲ ਹਨ।

ਜਿਲ੍ਹਾ ਐਪੀਡਮੈਲੋਜਿਸਟ ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਸਿਰਫ 30 ਫੀਸਦੀ ਸੱਪ ਹੀ ਜ਼ਹਿਰੀਲੇ ਹੁੰਦੇ ਹਨ ਜੋ ਡੰਗ ਲੈਣ ਤਾਂ ਜਾਨਲੇਵਾ ਸਿੱਧ ਹੋ ਸਕਦੇ ਹਨ। ਸੱਪ ਆਪਣੇ—ਆਪ ਨੂੰ ਬਚਾਉਣ ਸਮੇਂ ਹੀ ਡੰਗ ਮਾਰਦਾ ਹੈ। ਸੱਪਾਂ ਦੇ ਡੰਗਣ ਦੀ ਸਥਿਤੀ ਵਿਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀ ਕਰਨਾ ਚਾਹੀਦਾ ਹੈ। ਇਸ ਲਈ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ—ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ।

ਜਿਸ ਥਾਂ ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ। ਡੰਗ ਵਾਲੀ ਥਾਂ ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ—ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ ਤੇ ਕੋਈ ਜੜ੍ਹੀ ਬੂਟੀ ਲਗਾਓ।

ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਸੱਪ ਡੰਗਣ ਤੋਂ ਬਚਾਅ ਲਈ ਦੱਸਿਆ ਕਿ ਬਾਰਸ਼ਾਂ ਜਾਂ ਹੜ੍ਹਾਂ ਦੇ ਪਾਣੀ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਏ ਅਤੇ ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ—ਸੁਥਰਾ ਰੱਖੋ।