ਬਰਨਾਲਾ, 16 ਫਰਵਰੀ
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ (ਇੰਚਾਰਜ) ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲੇ ਵਿੱਚ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ” ਮਨਾਇਆ ਗਿਆ ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਜਿਆਦਾਤਰ ਵੱਡਿਆਂ ‘ਚ ਪਾਈ ਜਾਣ ਵਾਲੀ ਬਿਮਾਰੀ ਸੀ ਜਿਸ ਦੇ ਅੱਜਕੱਲ੍ਹ ਛੋਟੇ ਬੱਚਿਆਂ ‘ਚ ਵੀ ਮਾਮਲੇ ਵੱਧ ਰਹੇ ਹਨ। ਇਹ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਚਪਨ ਦਾ ਕੈਂਸਰ ਇਲਾਜਯੋਗ ਹੈ ਜੇਕਰ ਮੁੱਢਲੀ ਸਟੇਜ ‘ਤੇ ਇਸਦੀ ਪਹਿਚਾਣ ਹੋ ਜਾਵੇ ਅਤੇ ਮਰੀਜ਼ ਨੂੰ ਸਹੀ ਸਮੇਂ ‘ਤੇ ਇਸਦਾ ਸਹੀ ਇਲਾਜ ਮਿਲ ਜਾਵੇ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸੁਚੇਤ ਹੋਣ ਦੀ ਜਰੂਰਤ ਹੈ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਬਲਾਕ ਧਨੌਲਾ ਵਿਖੇ ਡਾ. ਸਤਵੰਤ ਸਿੰਘ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਧਨੌਲਾ ਦੀ ਯੋਗ ਅਗਵਾਈ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
ਡਾ.ਸਤਵੰਤ ਔਜਲਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆਂ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵੱਧ ਲੋਕ ਮਰ ਰਹੇ ਹਨ ਇਸ ਲਈ ਜਾਗਰੂਕ ਹੋ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਉਹਨਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ “ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼” ਤਹਿਤ 1.50 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਸਮੇਂ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਬਲਰਾਜ ਸਿੰਘ ਬਲਾਕ ਅਕਸਟੈਂਸ਼ਨ ਨੇ ਦੱਸਿਆ ਕਿ ਬੱਚਿਆਂ ‘ਚ ਦਿਮਾਗ ਦਾ ਕੈਂਸਰ, ਠੋਸ ਟਿਊਮਰ ਅਤੇ ਹੱਡੀਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਸਰੀਰ ਦੇ ਕਿਸੇ ਹਿੱਸੇ ‘ਚ ਗੱਠ, ਲਗਾਤਾਰ ਤੇਜ ਬੁਖਾਰ, ਮੂੰਹ ਵਿੱਚੋਂ ਖੂਨ ਆਉਣਾ, ਕਿਸੇ ਅੰਗ ‘ਤੇ ਬਿਨਾਂ ਕਿਸੇ ਕਾਰਨ ਸੋਜ਼, ਲਗਾਤਾਰ ਤੇਜ ਦਰਦ, ਛਾਤੀ ਵਿੱਚ ਗਿਲਟੀ, ਲਗਾਤਾਰ ਖੰਘ, ਆਵਾਜ਼ ਵਿੱਚ ਭਾਰੀਪਣ, ਮਾਹਵਾਰੀ ਦੌਰਾਨ ਖੂਨ ਦਾ ਜਿਆਦਾ ਪੈਣਾ ਜਾਂ ਮਾਹਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ।
ਉਹਨਾਂ ਦੱਸਿਆ ਕਿ ਕੈਂਸਰ ਸਿਗਰਟ, ਪਾਨ, ਤੰਬਾਕੂ ,ਖੈਣੀ ,ਗੁਟਕਾ, ਸ਼ਰਾਬ ਆਦਿ ਦੀ ਵਰਤੋਂ ਕਰਕੇ, ਜਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮੋਟਾਪਾ ਤੇ ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਪੀਣ ਨਾਲ ਹੋ ਸਕਦਾ ਹੈ। ਇਸ ਲਈ ਜਾਗਰੂਕ ਹੋ ਕੇ, ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆ ਕੇ ਮੌਸਮ ਅਨੁਸਾਰ ਫ਼ਲ ਸਬਜੀਆਂ ਦੀ ਵਰਤੋਂ ਕਰਕੇ ਅਤੇ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ ਕਰਵਾ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।