ਫਾਜ਼ਿਲਕਾ, 14 ਨਵੰਬਰ
ਜਿੰਨ੍ਹਾਂ ਦੇ ਮਨ ਵਿਚ ਦ੍ਰਿੜ ਨਿਸਚਾ ਹੁੰਦਾ ਹੈ ਉਹ ਹਰ ਸਮੱਸਿਆ ਦਾ ਹੱਲ ਲੱਭ ਲੈਂਦੇ ਹਨ। ਅਜਿਹਾ ਹੀ ਇਕ ਕਿਸਾਨ ਹੈ ਪਿੰਡ ਅਲਿਆਣਾ ਦਾ ਹਰਨਾਮ ਸਿੰਘ। ਸਰਕਾਰੀ ਵਿਭਾਗ ਤੋਂ ਸੇਵਾਮੁਕਤ ਇਹ ਕਿਸਾਨ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨ ਦਾ ਅਹਿਦ ਲੈ ਚੁੱਕਾ ਹੈ।
ਹਰਨਾਮ ਸਿੰਘ ਨੇ ਫੈਸਲਾ ਕੀਤਾ ਹੈ ਕਿ ਉਹ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜੋ ਲਾਇਨਾਂ ਵਿਚ ਪਰਾਲੀ ਬਚਦੀ ਹੈ ਉਸਨੂੰ ਪੰਡਾਂ ਨਾਲ ਖੇਤ ਤੋਂ ਬਾਹਰ ਇੱਕਠੀ ਕਰ ਰਿਹਾ ਹੈ। ਅਤੇ ਇਸਤੋਂ ਬਾਅਦ ਜੋ ਕਰਚੇ ਬਚਣਗੇ ਉਨ੍ਹਾਂ ਵਿਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਦੇਵੇਗਾ। ਇਸ ਤਰਾਂ ਲਗਭਗ 60 ਫੀਸਦੀ ਪਰਾਲੀ ਖੇਤ ਵਿਚ ਸਿੱਧੇ ਤੌਰ ਤੇ ਮਿਲ ਜਾਵੇਗੀ ਅਤੇ ਜੋ ਪਰਾਲੀ ਉਹ ਖੇਤ ਵਿਚੋਂ ਬਾਹਰ ਕੱਢ ਰਿਹਾ ਹੈ ਉਸਨੂੰ ਪਸੂਆਂ ਨੂੰ ਚਾਰੇ ਲਈ ਅਤੇ ਸ਼ਰਦੀਆਂ ਵਿਚ ਪਸ਼ੂਆਂ ਦੇ ਥੱਲੇ ਵਿਛਾਉਣ ਲਈ ਇਸਦੀ ਵਰਤੋਂ ਕਰੇਗਾ। ਇਸਤਰਾਂ ਇਹ ਪਰਾਲੀ ਵੀ ਖਾਦ ਦੇ ਰੂਪ ਵਿਚ ਵਾਪਿਸ ਖੇਤ ਵਿਚ ਆ ਕੇ ਜਮੀਨ ਦੀ ਉਪਜਾਊ ਸ਼ਕਤੀ ਦੇ ਵਾਧੇ ਦਾ ਕਾਰਕ ਬਣੇਗੀ।
ਇਸ ਕਿਸਾਨ ਦਾ ਇਹ ਉਪਰਾਲਾ ਪਿੰਡ ਦੇ ਹੋਰ ਕਿਸਾਨਾਂ ਲਈ ਵੀ ਪ੍ਰੇਰਣਾ ਬਣ ਰਿਹਾ ਹੈ। ਦੂਜੇ ਪਾਸੇ ਇਹ ਉਪਰਾਲਾ ਕਰ ਰਹੇ ਹਰਨਾਮ ਸਿੰਘ ਦੀ ਹੌਂਸਲਾਂ ਅਫਜਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੀ ਟੀਮ ਡਾ: ਰੁਪਿੰਦਰ ਕੌਰ, ਡਾ: ਪ੍ਰਕਾਸ਼ ਚੰਦ ਅਤੇ ਡਾ: ਕਿਸ਼ਨ ਕੁਮਾਰ ਪਟੇਲ ਦੀ ਅਗਵਾਈ ਵਿਚ ਉਸਦੇ ਖੇਤ ਪਹੁੰਚੀ। ਇਸ ਮੌਕੇ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਦੀ ਅਗਵਾਈ ਵਿਚ ਪੰਚਾਇਤ ਦੇ ਨੁੰਮਾਇਦੇ ਵੀ ਉਸਦੇ ਇਸ ਨੇਕ ਕਾਰਜ ਦੀ ਸਲਾਘਾ ਕਰਨ ਲਈ ਉਸਦੇ ਖੇਤ ਪਹੁੰਚੇ। ਇਸ ਮੌਕੇ ਕਿਸਾਨ ਨੇ ਦੱਸਿਆ ਕਿ ਇਕ ਏਕੜ ਵਿਚੋਂ ਪਰਾਲੀ ਪੰਡਾਂ ਨਾਲ ਕੱਢਣ ਤੇ ਲਗਭਗ 4 ਦਿਹਾੜੀਆਂ ਲੱਗਦੀਆਂ ਹਨ।
ਇਸ ਮੌਕੇ ਡਾ: ਪ੍ਰਕਾਸ਼ ਚੰਦ ਜੋ ਕਿ ਕਿਸ੍ਰੀ ਵਿਗਿਆਨ ਕੇਂਦਰ ਦੇ ਭੂਮੀ ਮਾਹਿਰ ਹਨ ਨੇ ਕਿਹਾ ਕਿ ਜਦ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਇਸ ਨਾਲ ਜਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਨਾਲ ਦੀ ਨਾਲ ਪ੍ਰਦੁਸ਼ਨ ਹੋਣ ਦੇ ਨਾਲ ਨਾਲ ਸਾਡੇ ਮਿੱਤਰ ਕੀਟ ਵੀ ਮਰ ਜਾਂਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਿਆ ਨਾ ਜਾਵੇ ਸਗੋਂ ਇਸਦਾ ਪ੍ਰਬੰਧ ਖੇਤੀਬਾੜੀ ਮਾਹਿਰਾਂ ਵੱਲੋਂ ਦੱਸੇ ਤਰੀਕਿਆਂ ਨਾਲ ਕੀਤਾ ਜਾਵੇ।