ਚੰਡੀਗੜ੍ਹ 22 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਦੌਰਾਨ, ਪੁਲਿਸ ਥਾਣਾ ਡਿਵੀਜ਼ਨ-5, ਜਲੰਧਰ ਵਿਖੇ ਤਾਇਨਾਤ ਇੱਕ ਪੁਲਿਸ ਹੌਲਦਾਰ ਕੁਲਵਿੰਦਰ ਸਿੰਘ (2153/ਕਮਿਸ਼ਨਰੇਟ) ਨੂੰ 4500 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਭਾਰਗੋ ਕੈਂਪ, ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਪੁਲਿਸ ਥਾਣੇ ਵਿੱਚ ਉਸ ਵਿਰੁੱਧ ਇੱਕ ਪੁਲਿਸ ਕੇਸ ਦਰਜ ਸੀ, ਪਰ ਉਕਤ ਪੁਲਿਸ ਮੁਲਾਜ਼ਮ ਨੇ ਬਿਨਾਂ ਕਿਸੇ ਦਸਤਾਵੇਜ਼ੀ ਕਾਰਵਾਈ ਤੋਂ ਸ਼ਿਕਾਇਤਕਰਤਾ ਦਾ ਮੋਬਾਈਲ ਫੋਨ ਆਪਣੇ ਕੋਲ ਰੱਖ ਲਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪੁਲਿਸ ਕਰਮਚਾਰੀ ਉਸਦਾ ਫੋਨ ਵਾਪਸ ਕਰਨ ਅਤੇ ਮੁਕੱਦਮੇ ਵਿੱਚ ਉਸਦੀ ਮਦਦ ਕਰਨ ਬਦਲੇ 10000 ਰੁਪਏ ਦੀ ਮੰਗੇ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਖਿਲਾਫ ਸਾਈਬਰ ਅਪਰਾਧ ਤਹਿਤ ਇੱਕ ਹੋਰ ਕੇਸ ਦਰਜ ਕਰਨ ਦੀ ਧਮਕੀ ਵੀ ਦੇ ਰਿਹਾ ਸੀ। ਸ਼ਿਕਾਇਤ ਅਨੁਸਾਰ ਇਸ ਪੁਲਿਸ ਮੁਲਾਜ਼ਮ ਨੇ ਗੂਗਲ ਪੇਅ ਰਾਹੀਂ 4500 ਰੁਪਏ ਲਏ ਸਨ ਅਤੇ 5500 ਰੁਪਏ ਹੋਰ ਮੰਗ ਰਿਹਾ ਸੀ ਹਾਲਾਂਕਿ ਉਸ ਦਾ ਤਬਾਦਲਾ ਕਿਸੇ ਹੋਰ ਥਾਂ ਹੋ ਚੁੱਕਾ ਸੀ।
ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੌਰਾਨ, ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ–ਵ-ਦਰੁਸਤ ਸਾਬਤ ਹੋਏ। ਇਸ ਤੋਂ ਬਾਅਦ ਹੌਲਦਾਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13(2) ਦੇ ਨਾਲ-ਨਾਲ 13(1) ਏ ਅਤੇ ਬੀਐਨਐਸ ਦੀ ਧਾਰਾ 308(2), 308(3), 316(5), 336(2), 336(3), 340(2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।