ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਹਾਜ਼ਰੀ ਵਿੱਚ ਗੁਰਮਿੰਦਰ ਸਿੰਘ ਤੂਰ ਨੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁੱਦਾ

Politics Punjab

ਰਾਏਕੋਟ/ਲੁਧਿਆਣਾ, 4 ਅਪ੍ਰੈਲ (000) – ਆਮ ਆਦਮੀ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਆਗੂ ਸ. ਗੁਰਮਿੰਦਰ ਸਿੰਘ ਤੂਰ ਵਲੋਂਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਸ੍ਰੀ ਹਾਕਮ ਸਿੰਘ ਠੇਕੇਦਾਰ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਵਜੋਂ ਆਪਣਾ ਅਹੁੱਦਾ ਸੰਭਾਲਿਆ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਥੇ ਸੂਬੇ ਦੇ ਕਈ ਖੇਤਰਾਂ ਵਿੱਚ ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਲੱਗਿਆ ਸੀ, ਉਥੇ ਕਿਸਾਨ ਹਿਤਾਇਸ਼ੀ ਸਰਕਾਰ ਨੇ ਕੁਝ ਮਹੀਨਿਆਂ ਅੰਦਰ ਹੀ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਡੈਮਾਂ ਤੋਂ ਮਿਲਣ ਵਾਲੇ ਪਾਣੀ ਵਿੱਚੋਂ ਅਸੀਂ ਕਰੀਬ 68 ਪ੍ਰਤੀਸ਼ਤ ਵਰਤੋਂ ਕਰਦੇ ਸੀ ਅਤੇ 38 ਫ਼ੀਸਦੀ ਪਾਣੀ ਵਿਅਰਥ ਜਾ ਰਿਹਾ ਸੀ, ਜੋ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਇਹ 84 ਫ਼ੀਸਦੀ ਵਰਤੋਂ ਵਿੱਚ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 100 ਪ੍ਰਤੀਸ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਉਠਦਾ ਹੈ, ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਕਿਉਂਕਿ ਇਸ ਨਾਲ ਹੋਣ ਵਾਲੀ ਫ਼ਸਲ ਤੰਦਰੁਸਤ ਹੋਣ ਸਮੇਤ ਬਿਜਲੀ ਦੀ ਖਪਤ ਵੀ ਨਹੀਂ ਕਰਨੀ ਪੈਂਦੀ।

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੌਂਦ ਨੇ ਦੱਸਿਆ ਕਿ ਇਸ ਵਾਰ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਫਾਈ ਕਰਵਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸਾਰੇ ਛੱਪੜਾਂ ਨੂੰ ਖਾਲੀ ਕਰਵਾਉਣ ਦੀ ਯੋਜਨਾ ਹੈ ਅਤੇ ਜੇਕਰ ਛੱਪੜਾਂ ਦੀ ਸਫਾਈ ਲਈ ਮਸ਼ੀਨਰੀ ਦੀ ਲੋੜ ਪਈ ਤਾਂ ਇਸ ਦੀ ਵਰਤੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ-ਜਿੱਥੇ ਵੀ ਜ਼ਰੂਰਤ ਪਈ ਉੱਥੇ ਛੱਪੜਾਂ ਦੀ ਡੀਸੀਲਟਿੰਗ ਅਤੇ ਰੀਸੀਲਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਕੋਸ਼ਿਸ਼ ਹੈ ਕਿ ਸਾਫ-ਸਫਾਈ ਕਰਕੇ ਛੱਪੜਾਂ ਦੇ ਕਿਨਾਰਿਆਂ ਨੂੰ ਟੇਪਰ ਕੀਤਾ ਜਾਵੇ ਅਤੇ ਕਿਨਾਰਿਆਂ ਉੱਤੇ ਘਾਹ-ਬੂਟੇ ਲਗਾ ਕੇ ਛੱਪੜਾਂ ਨੂੰ ਵਧੇਰੇ ਸੁੰਦਰ ਬਣਾਇਆ ਜਾਵੇ।

ਅਹੁਦਾ ਸੰਭਾਲਣ ਤੋਂ ਬਾਅਦ ਚੇਅਰਮੈਨ ਤੂਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ  ਅਤੇ ਵਿਧਾਇਕ ਸ੍ਰੀ ਹਾਕਮ ਸਿੰਘ ਠੇਕੇਦਾਰ ਵਲੋਂ ਸਾਂਝੇ ਤੌਰ ‘ਤੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਨਵ-ਨਿਯੁਕਤ ਚੇਅਰਮੈਨ ਤੂਰ ਵਲੋਂ ਮਾਰਕੀਟ ਕਮੇਟੀ ਰਾਏਕੋਟ ਵਿੱਚ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ।

ਚੇਅਰਮੈਨ ਸ. ਗੁਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਲਈ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਖ਼ਤ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦਿੱਤੀ ਜਾਵੇਗੀ।

ਚੇਅਰਮੈਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ। 

Leave a Reply

Your email address will not be published. Required fields are marked *