ਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟੈਕਸ ਚੋਰੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਜੀ.ਐਸ.ਟੀ. ਵਿਭਾਗ ਵੱਲੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸੇ ਲੜੀ ਤਹਿਤ ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਰੋਹਿਤ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਅਫ਼ਸਰਾਂ ਵੱਲੋਂ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਮੌਕੇ ਵਿਭਾਗ ਦੇ ਅਫ਼ਸਰਾਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰ, ਗਾਂਧੀ ਚੌਂਕ, ਘਾਹ ਮੰਡੀ ਚੌਂਕ, ਰੇਲਵੇ ਰੋਡ ਅਤੇ ਬੈਂਕ ਰੋਡ ’ਤੇ ਪਲਿਸ ਵਿਭਾਗ ਦੇ ਸਹਿਯੋਗ ਨਾਲ ਦੁਕਾਨਾਦਾਰਾਂ ਵੱਲੋਂ ਸੇਲ ਲਈ ਜਾਰੀ ਕੀਤੇ ਜਾਂਦੇ ਰਿਟੇਲ ਬਿੱਲਾਂ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਮੁਹਿੰਮ ਦੌਰਾਨ ਉਹਨਾਂ ਵੱਲੋਂ ਦੁਕਾਨਾਂ ਵਿੱਚੋਂ ਖਰੀਦਦਾਰੀ ਕਰ ਕੇ ਆ ਰਹੇ ਗ੍ਰਾਹਕਾਂ ਨੂੰ ਦੁਕਾਨਦਾਰਾਂ ਤੋਂ ਬਿੱਲ ਮੰਗਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਹਰ ਸੇਲ ਲਈ ਗ੍ਰਾਹਕ ਨੂੰ ਬਣਦਾ ਸੇਲ ਬਿੱਲ ਜਾਰੀ ਕਰਨ ਦੀ ਹਦਾਇਤ ਵੀ ਕੀਤੀ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਮੁਹਿੰਮ ਗ੍ਰਾਹਕਾਂ ਨੂੰ ਬਿੱਲ ਲੈਣ ਲਈ ਜਾਗਰੂਕ ਕਰਨ ਤੇ ਦੁਕਾਨਦਾਰਾਂ ਨੂੰ ਬਣਦਾ ਸੇਲ ਬਿੱਲ ਜਾਰੀ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਗ੍ਰਾਹਕ ਦੁਕਾਨਦਾਰ ਵੱਲੋਂ ਜਾਰੀ ਕੀਤੇ ਰਿਟੇਲ ਬਿੱਲ ਨੂੰ ਪੰਜਾਬ ਸਰਕਾਰ ਵੱਲੋ ਸ਼਼ੁਰੁ ਕੀਤੀ ਗਈ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਅਧੀਨ ਮੇਰਾ ਬਿੱਲ (ਮੋਬਾਇਲ ਐਪ) ਤੇ ਅਪਲੋਡ ਕਰਕੇ ਇਨਾਮ ਵੀ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਜੀ.ਐਸ.ਟੀ. ਵਿਭਾਗ ਵੱਲੋਂ ਇਸ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਨਾਲ ਹੀ ਗ੍ਰਾਹਕ ਨੂੰ ਜੀ.ਐਸ.ਟੀ. ਅਧੀਨ ਬਣਦਾ ਬਿੱਲ ਨਾ ਦੇਣ ਵਾਲੇ ਦੁਕਾਨਦਾਰਾਂ ’ਤੇ ਸਖਤ ਐਕਸ਼ਨ ਲਿਆ ਜਾਵੇਗਾ ਅਤੇ ਬਣਦਾ ਜੁਰਮਾਨਾ ਵੀ ਵਸੂਲ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਦੇ ਅਧੀਨ ਚੈਕਿੰਗ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਦਫ਼ਤਰ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀ ਮੁਕਤਸਰ ਸਾਹਿਬ ਦੇ ਰਾਜ ਕਰ ਅਫਸਰ ਸ਼੍ਰੀ ਮਨਜਿੰਦਰ ਸਿੰਘ, ਸ਼੍ਰੀ ਗੁਰਿੰਦਰਜੀਤ ਸਿੰਘ ਅਤੇ ਇੰਸਪੈਕਟਰ ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਤਰਸੇਮ ਸਿੰਘ ਅਤੇ ਸ਼੍ਰੀ ਮੁਨੀਸ਼ ਕੁਮਾਰ ਵੀ ਹਾਜ਼ਰ ਸਨ।