ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖਾਦਾਂ, ਕੀਟਨਾਸ਼ਕਾਂ ਉੱਪਰ ਸਰਕਾਰ ਦੇ ਰਹੀ ਸਬਸਿਡੀ- ਡਿਪਟੀ ਕਮਿਸ਼ਨਰ

Faridkot

ਫਰੀਦਕੋਟ 14 ਜੂਨ  () ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਲਿਜਾਣ ਲਈ ਮੱਕੀ ਦੀ ਫਸਲ ਉਗਾਉਣ ਲਈ ਉਤਸ਼ਾਹਿਤ ਕਰ ਰਹੀ ਹੈ, ਤਾਂ ਕਿ ਕਿਸਾਨਾਂ ਦੀ ਆਮਦਨੀ ਘਟਾਉਣ ਤੋਂ ਬਿਨ੍ਹਾਂ ਹੀ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ। ਇਸ ਵਾਰ ਸਰਕਾਰ ਵੱਲੋ ਮੱਕੀ ਦੇ ਪਲਾਟਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।

                ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਿਲ੍ਹਾ ਫਰੀਦਕੋਟ ਵਿੱਚ ਕਣਕ, ਝੋਨਾ ਦੀ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣ ਲਈ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪੰਜਾਬ ਖੇਤੀਬਾੜੀ ਯਨੀਵਰਸਿਟੀ ਲੁਧਿਆਣਾ ਵੱਲੋ ਪ੍ਰਮਾਣਿਤ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦਾ ਬੀਜ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਬਸਿਡੀ ਤੇ  ਉਪਲਬੱਧ ਕਰਵਾਇਆਂ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਬਾਰੇ ਤਕਨੀਕੀ ਤੌਰ ਤੇ ਮਜਬੂਤ ਕਰਨ ਲਈ ਇੱਕ ਇੱਕ ਹੈਕਟੇਅਰ ਦੇ 30 ਪ੍ਰਦਰਸ਼ਨੀ ਪਲਾਟ ਵੀ ਲਗਾਏ ਜਾਣਗੇ। ਜਿਸ ਲਈ ਕਿਸਾਨਾਂ ਨੂੰ  ਬੀਜ ਅਤੇ ਹੋਰ ਇਨਪੁਟਸ ਜਿਵੇ ਕਿ  ਖਾਦਾਂ, ਦਵਾਈਆਂ ਆਦਿ ਸਹਾਇਤਾਂ ਦੇ ਤੌਰ ਤੇ 2400 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ,  ਜਿਹੜੀ ਕਿ ਹੈਕਟੇਅਰ ਦੇ ਹਿਸਾਬ ਨਾਲ 6000 ਰੁਪਏ ਹੈਕਟੇਅਰ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਵੱਧ ਤੋਂ ਵੱਧ 5 ਏਕੜ ਜਾਂ 10 ਪੈਕਟ ਮੱਕੀ ਦੇ ਹਾਈਬ੍ਰਿਡ ਬੀਜ ਉਪਰ ਸਬਸਿਡੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਜਿਹੜੇ ਵੀ ਬੀਜ ਅਤੇ ਹੋਰ ਇਨਪੁਟਸ ਜਿਵੇ ਕਿ ਖਾਦਾਂ, ਦਵਾਈਆਂ ਆਦਿ ਉੱਪਰ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਹੈ ਉਨਾਂ ਦੀ ਖ੍ਰੀਦ ਦੇ ਬਿੱਲ 20 ਮਈ  ਤੋਂ 25 ਜੂਨ ਤੱਕ ਹੋਣੇ ਚਾਹੀਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਮਾਹਿਰਾਂ ਦੀ ਕਿਸਾਨਾਂ ਨੂੰ ਇਹ ਸਲਾਹ ਕਿ ਉਹ ਮੱਕੀ ਦਾ ਵਧੇਰੇ ਝਾੜ ਲੈਣ ਲਈ ਇਸ ਨੂੰ ਵੱਟਾਂ ਉਪਰ ਬੀਜਣ।  ਉਨ੍ਹਾਂ ਦੱਸਿਆ ਕਿ ਮੱਕੀ ਦੀ ਨਵੀਨਤਮ ਮਸ਼ੀਨਰੀ ਜਿਵੇ ਕਿ ਨਿਊਮੈਟਿਕ ਪਲਾਂਟਕ, ਮੇਜ਼ ਸ਼ੈਲਰ ਆਦਿ ਲੈਣ ਲਈ ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਬਣਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋ ਨਿਕਲ ਕੇ ਫਸਲੀ ਵਿਭਿੰਨਤਾ ਵੱਲ ਆਉਣ, ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸਥਿਰ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼  ਹੈ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨੀ ਸਥਿਰ ਰੱਖ ਕੇ ਫਸਲੀ ਵਿਭਿੰਨਤਾ ਵੱਲ ਲਿਜਾਵੇ।