ਜਨਰਲ ਆਬਜ਼ਰਵਰ ਵੱਲੋਂ ਗਿੱਲ ਹਲਕੇ ਦੇ ਸੰਵੇਦਨਸ਼ੀਲ ਅਤੇ ਮਾਡਲ ਪੋਲਿੰਗ ਸਟੇਸ਼ਨਾਂ ‘ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

Ludhiana

ਲੁਧਿਆਣਾ, 20 ਮਈ (000) – ਲੁਧਿਆਣਾ ਸੰਸਦੀ ਹਲਕੇ ਦੇ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਵੱਲੋਂ ਲੁਧਿਆਣਾ ਸੰਸਦੀ ਹਲਕੇ ਦੇ ਗਿੱਲ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗਿੱਲ ਹਲਕਾ ਲੁਧਿਆਣਾ ਸੰਸਦੀ ਹਲਕੇ ਦਾ ਖਰਚਾ ਸੰਵੇਦਨਸ਼ੀਲ ਵਿਧਾਨ ਸਭਾ ਖੇਤਰ ਹੈ।

ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ) ਗਿੱਲ ਵਿਧਾਨ ਸਭਾ ਹਲਕਾ ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਦੇ ਨਾਲ, ਜਨਰਲ ਅਬਜ਼ਰਵਰ ਦਿਵਿਆ ਮਿੱਤਲ ਦੇ ਨਾਲ ਸਰਕਾਰੀ ਮਿਡਲ ਸਕੂਲ ਜੱਸੀਆਂ ਅਤੇ ਰਾਜਪੁਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸਥਾਪਿਤ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ।

ਦਿਵਿਆ ਮਿੱਤਲ ਨੇ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਈ.ਵੀ.ਐਮਜ ਦੀ ਢੋਆ-ਢੁਆਈ ਅਤੇ ਪੋਲਿੰਗ ਸਟਾਫ/ਵੋਟਰਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰ ਹੀਰ ਨੂੰ ਕਿਹਾ ਕਿ ਵੋਟਾਂ ਦੀ ਗੋਪਨੀਯਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਕਮਰਿਆਂ ਦੀਆਂ ਖਿੜਕੀਆਂ ਨੂੰ ਕਵਰ ਕੀਤਾ ਜਾਵੇ ਜਿੱਥੇ ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਲਾਕੇ ਵਿੱਚ ਸੰਭਾਵੀ ਗੜਬੜੀ ਪੈਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨੂੰ ਯਕੀਨੀ ਬਣਾਉਣ।

ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਸਮੇਤ ਮਾਡਲ ਪੋਲਿੰਗ ਸਟੇਸ਼ਨਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ।

ਸਹਾਇਕ ਰਿਟਰਨਿੰਗ ਅਫ਼ਸਰ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ, ਜਿਸ ਵਿੱਚ ਵੈਬ ਕਾਸਟਿੰਗ, ਮਾਈਕਰੋ ਅਬਜ਼ਰਵਰਾਂ ਦੀ ਤਾਇਨਾਤੀ, ਸੀ.ਸੀ.ਟੀ.ਵੀ. ਕੈਮਰੇ, ਕੇਂਦਰੀ ਅਰਧ ਸੈਨਿਕ ਬਲਾਂ (ਸੀ.ਪੀ.ਐਮ.ਐਫ.) ਦੀ ਤਾਇਨਾਤੀ ਸਮੇਤ ਹੋਰ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਨਿਰਪੱਖ ਚੋਣਾਂ ਲਈ ਇੱਥੇ ਨਿਯੁਕਤ ਸੈਕਟਰ ਅਧਿਕਾਰੀ ਆਪੋ-ਆਪਣੇ ਪੋਲਿੰਗ ਬੂਥਾਂ ‘ਤੇ ਲਗਾਤਾਰ ਚੌਕਸੀ ਰੱਖਣਗੇ।

ਸਹਾਇਕ ਰਿਟਰਨਿੰਗ ਅਫ਼ਸਰ ਹੀਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ  ਹਦਾਇਤਾਂ ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੋਟਰਾਂ ਲਈ ਸ਼ੈੱਡ, ਪੱਖੇ, ਨਿੰਬੂ ਪਾਣੀ/ਮਿੱਠੇ ਪਾਣੀ ਆਦਿ ਨੂੰ ਯਕੀਨੀ ਬਣਾਏਗਾ।

ਏ.ਆਰ.ਓ ਹੀਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ (voteforludhiana.in) ਦਾ ਵੱਧ ਤੋਂ ਵੱਧ ਲਾਹਾ ਲੈਣ ਜੋ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ ‘ਤੇ ਲੱਗੀ ਕਤਾਰ ਵਿੱਚ ਵੋਟਰਾਂ ਦੀ ਸੰਖਿਆ ਦਾ ਜਾਇਜ਼ਾ ਲੈ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। ਵੈਬਸਾਈਟ ‘ਤੇ ਹਰ ਅੱਧੇ ਘੰਟੇ ਬਾਅਦ ਜਾਣਕਾਰੀ ਅਪਡੇਟ ਕੀਤੀ ਜਾਵੇਗੀ।