ਡੇਰਾਬੱਸੀ (ਐਸ.ਏ.ਐਸ. ਨਗਰ), 25 ਮਈ, 2024: ਜਨਰਲ ਆਬਜ਼ਰਵਰ, 13-ਪਟਿਆਲਾ, ਓਮ ਪ੍ਰਕਾਸ਼ ਬਕੋਰੀਆ, ਆਈ.ਏ.ਐਸ. ਨੇ ਅੱਜ ਡੇਰਾਬੱਸੀ ਵਿਧਾਨ ਸਭਾ ਹਲਕੇ ਦਾ ਦੌਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਕੁਝ ਸੰਵੇਦਨਸ਼ੀਲ ਬੂਥਾਂ ਦਾ ਨਿਰੀਖਣ ਵੀ ਕੀਤਾ। ਜਾਣਕਾਰੀ ਦਿੰਦਿਆਂ ਏ ਆਰ ਓ-ਕਮ-ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਜਨਰਲ ਅਬਜ਼ਰਵਰ ਨੇ ਇੱਕ ਸੰਵੇਦਨਸ਼ੀਲ ਸਥਾਨ ਤ੍ਰਿਵੇਦੀ ਕੈਂਪ ਦਾ ਦੌਰਾ ਕੀਤਾ ਜਿਸ ਵਿੱਚ ਚਾਰ ਪੋਲਿੰਗ ਬੂਥ ਹਨ ਅਤੇ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। 112-ਡੇਰਾਬੱਸੀ ਵਿਧਾਨ ਸਭਾ ਖੇਤਰ ਜੋ ਕਿ 13-ਪਟਿਆਲਾ ਸੰਸਦੀ ਹਲਕੇ ਦਾ ਹਿੱਸਾ ਹੈ, ਵਿੱਚ 185 ਪੋਲਿੰਗ ਸਥਾਨਾਂ ਚ 296 ਪੋਲਿੰਗ ਬੂਥ ਹਨ। ਇਹਨਾਂ ਵਿੱਚੋਂ 31 ਬੂਥਾਂ ਵਾਲੇ 12 ਸਥਾਨਾਂ ਦਾ ਮੁਲਾਂਕਣ ਕਮਜ਼ੋਰ ਅਤੇ ਨਾਜ਼ੁਕ ਸਥਾਨਾਂ ਵਜੋਂ ਕੀਤਾ ਗਿਆ ਹੈ, ਜਿੱਥੇ ਅੰਦਰ ਅਤੇ ਬਾਹਰ ਸੀਸੀਟੀਵੀ ਨਿਗਰਾਨੀ ਸਮੇਤ ਵਾਧੂ ਸੁਰੱਖਿਆ ਪ੍ਰਬੰਧ ਹੋਣਗੇ। ਏ ਆਰ ਓ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਾਰੇ 296 ਪੋਲਿੰਗ ਬੂਥਾਂ ‘ਤੇ ਵੈਬਕਾਸਟਿੰਗ ਦੇ ਪ੍ਰਬੰਧ ਹੋਣਗੇ। ਜਨਰਲ ਅਬਜ਼ਰਵਰ ਨੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਸਬੰਧੀ ਹਦਾਇਤਾਂ ਕੀਤੀਆਂ। ਇਸ ਤੋਂ ਇਲਾਵਾ ਆਬਜ਼ਰਵਰ ਨੇ ਹੀਟਵੇਵ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਜਾਣੂ ਕਰਵਾਇਆ ਜੋ ਪੋਲਿੰਗ ਬੂਥਾਂ ‘ਤੇ ਆਸ਼ਾ ਵਰਕਰਾਂ ਨਾਲ ਪੋਲਿੰਗ ਵਾਲੇ ਦਿਨ ਤਾਇਨਾਤ ਹੋਣਗੀਆਂ। ਹੀਟਵੇਵ ਕਾਰਨ ਪੋਲਿੰਗ ਬੂਥਾਂ ‘ਤੇ ਸਥਿਤੀ ਨੂੰ ਸੰਭਾਲਣ ਲਈ ਲਗਭਗ 160 ਆਂਗਣਵਾੜੀ ਵਰਕਰਾਂ ਨੂੰ ਲਗਾਇਆ ਗਿਆ ਹੈ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸੀਸ਼ ਸਿੰਘ ਅਟਵਾਲ ਅਤੇ ਟੀਮ ਦੇ ਹੋਰ ਮੈਂਬਰਾਂ ਮੀਨੂੰ ਰਾਜਪੂਤ, ਮ੍ਰਿਦੁਲਾ ਅਤੇ ਅਮਰੀਕ ਸਿੰਘ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏ ਆਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ। ਜਨਰਲ ਆਬਜ਼ਰਵਰ ਨੇ 80 ਫੀਸਦੀ ਮਤਦਾਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੋਟਰਾਂ ਨੂੰ ਪੋਲਿੰਗ ਬੂਥਾਂ ‘ਤੇ ਜਾਣ ਲਈ ਉਤਸ਼ਾਹਿਤ ਕਰਨ ਲਈ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਹਰ ਘਰ ਤੱਕ ਪਹੁੰਚਾਉਣ ਲਈ ਇੱਕ ਸੱਦਾ ਪੱਤਰ ਵੀ ਜਾਰੀ ਕੀਤਾ। ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੇ ਮਤਦਾਨ ਵਧਾਉਣ ਲਈ ਮਾਡਲ ਪੋਲਿੰਗ ਬੂਥਾਂ ‘ਤੇ ਵੋਟਰਾਂ ਨੂੰ ਆਈਸਕ੍ਰੀਮ ਅਤੇ ਬਿਰਧ ਅਤੇ ਪੀਡਬਲਯੂਡੀ ਵੋਟਰਾਂ ਨੂੰ ਪਿਕ ਐਂਡ ਡਰਾਪ ਦੀ ਸਹੂਲਤ ਦੇਣ ਦੀਆਂ ਯੋਜਨਾਵਾਂ ਬਾਰੇ ਜਨਰਲ ਅਬਜ਼ਰਵਰ ਨੂੰ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ 296 ਬੂਥਾਂ ‘ਤੇ ਬੈਲਟ ਯੂਨਿਟਾਂ ਦੀ ਗਿਣਤੀ, ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ, ਦੁੱਗਣੀ ਕਰਕੇ ਈ.ਵੀ.ਐਮਜ਼ ਨੂੰ ਤਿਆਰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤਹਿਸੀਲਦਾਰ ਵੀਰਕਰਨ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਤੇ ਸੀਡੀਪੀਓ ਸੁਮਨ ਬਾਲਾ ਵੀ ਹਾਜ਼ਰ ਸਨ।
ਜਨਰਲ ਆਬਜ਼ਰਵਰ ਪਟਿਆਲਾ ਨੇ ਡੇਰਾਬੱਸੀ ਦਾ ਦੌਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ


