ਸਿਵਲ ਸਰਜਨ ਵੱਲੋਂ ‘ਸਾਂਸ’ ਪ੍ਰੋਗਰਾਮ ਤਹਿਤ ਨੁਮੋਨੀਆ ਤੋ ਬਚਾ ਸੰਬੰਧੀ ਮੁਹਿੰਮ ਦਾ ਕੀਤਾ ਆਗਾਜ਼

Politics Punjab

ਫ਼ਿਰੋਜ਼ਪੁਰ, 12 ਨਵੰਬਰ 2024:

          ਠੰਡ ਦੇ ਮੌਸਮ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ‘ਸਾਂਸ’ ਪ੍ਰੋਗਰਾਮ ਤਹਿਤ ਨੁਮੋਨੀਆ ਬਿਮਾਰੀ ਤੋਂ ਬਚਾਅ ਸੰਬੰਧੀ ਮੁਹਿੰਮ ਦਾ ਅੱਜ ਆਗਾਜ਼ ਕੀਤਾ ਗਿਆ। 12 ਨਵੰਬਰ ਤੋ ਸ਼ੁਰੂ ਹੋਣ ਵਾਲੀ ਇਹ ਮੁਹਿੰਮ 28 ਫਰਵਰੀ 2025 ਤਕ ਚੱਲੇਗੀ, ਜਿਸ ਦਾ ਮੁੱਖ ਮੰਤਵ ਪਿੰਡ ਪੱਧਰ ’ਤੇ 0-5 ਸਾਲ ਦੇ ਹਰੇਕ ਬੱਚੇ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਉਣਾ ਹੈ। ਸਿਹਤ ਵਿਭਾਗ ਵੱਲੋਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਨੁਮੋਨੀਆ ਤੋਂ ਬਚਾਅ ਸੰਬੰਧੀ ਜਾਗਰੂਕਤਾ ਸਮੱਗਰੀ ਜਾਰੀ ਕਰਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ।

          ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਦੇਸ਼ ਭਰ ਵਿਚ ਹਰ ਸਾਲ ਇਕ ਲੱਖ ਤੋ ਵੱਧ ਬੱਚਿਆਂ ਦੀ ਮੌਤ ਦਾ ਮੁੱਖ ਕਰਨ ਨੁਮੋਨੀਆ ਦੀ ਬਿਮਾਰੀ ਬਣਦੀ ਹੈ ਅਤੇ ਜੇਕਰ ਅਸੀਂ ਥੋੜ੍ਹੀ ਜਿਹੀ ਜਾਗਰੂਕਤਾ ਨਾਲ ਆਪਣੀ ਤੇ ਬੱਚਿਆਂ ਦੀ ਸਿਹਤ ਵੱਲ ਧਿਆਨ ਦੇਈਏ ਤਾਂ ਬੱਚਿਆਂ ਦੀ ਮੌਤ ਦਰ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ। ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਸਾਂਸ ਪ੍ਰੋਗਰਾਮ ਤਹਿਤ ਬਲਾਕ ਪੱਧਰ ਤੋਂ ਪਿੰਡ ਪੱਧਰ ਤੱਕ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕ ਕਰਨ ਦੇ ਨਾਲ ਨੁਮੋਨੀਆ ਨਾਲ ਪੀੜਤ ਬੱਚਿਆਂ ਦਾ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਬੇਹੱਦ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਮਾਂ ਦੇ ਦੁੱਧ ਵਿਚ ਸਾਰੇ ਪੌਸ਼ਟਿਕ ਅਹਾਰ ਮਿਲਦੇ ਹਨ ਅਤੇ ਬੱਚੇ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਆਵੇ ਜਾਂ ਕੁਝ ਵੀ ਖਾਣ ਤੋਂ ਬਾਅਦ ਉਲਟੀ ਕਰ ਦੇਵੇ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੀ ਨੁਮੋਨੀਆ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਜੇਕਰ ਬੱਚੇ ਦੀ ਛਾਤੀ ਧਸੀ ਮਹਿਸੂਸ ਹੋਵੇ ਤਾਂ ਵੀ ਉਸ ਦਾ ਇਲਾਜ਼ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਤੰਦਰੁਸਤੀ ਲਈ ਉਸਦਾ ਠੀਕ ਸਮੇਂ ’ਤੇ ਟੀਕਾਕਰਨ ਕਰਵਾਉਣਾ ਵੀ ਅਤਿ ਜ਼ਰੂਰੀ ਹੈ।

          ਇਸ ਦੌਰਾਨ ਡਾ. ਮੀਨਾਕਸ਼ੀ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਪਰਹੇਜ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਦੇ ਨਜ਼ਦੀਕ ਤਾਂ ਬਿਲਕੁਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਖਾਂਸੀ ਕਰਨ ਜਾਂ ਛਿੱਕਣ ਸਮੇਂ ਵਿਅਕਤੀ ਨੂੰ ਆਪਣਾ ਮੂੰਹ ਰੂਮਾਲ ਜਾਂ ਟੀਸ਼ੂ ਪੇਪਰ ਨਾਲ ਢੱਕ ਲੈਣਾ ਚਾਹੀਦਾ ਹੈ ਤਾਂ ਜੋ ਛਿੱਕਣ ਸਮੇਂ ਡਿੱਗਣ ਵਾਲੇ ਡਰੋਪਸ ਕਿਸੇ ਹੋਰ ਵਿਅਕਤੀ ਨੂੰ ਆਪਣੀ ਲਪੇਟ ਵਿਚ ਨਾ ਲੈ ਸਕਣ, ਕਿਉਂਕਿ ਅਜਿਹਾ ਹੋਣ `ਤੇ ਦੂਸਰਾ ਵਿਅਕਤੀ ਵੀ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ। ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮਨਦੀਪ ਕੌਰ ਡੀ.ਐਫ.ਪੀ.ਓ, ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ, ਪਰਮਵੀਰ ਮੋਂਗਾ ਸੁਪਰਡੰਟ, ਵਿਕਾਸ ਕਾਲਰਾ ਪੀ.ਏ. ਆਦਿ ਹਾਜ਼ਰ ਸਨ।