ਪੰਜਾਬ ਪੁਲਿਸ ਵੱਲੋਂ ਸ਼ਿਵ ਸੈਨਾ ਆਗੂਆਂ ‘ਤੇ ਪੈਟਰੋਲ ਬੰਬ ਹਮਲਿਆਂ ਵਿੱਚ ਸ਼ਾਮਲ ਚਾਰ ਵਿਅਕਤੀ ਗ੍ਰਿਫਤਾਰ, ਬੀਕੇਆਈ ਹਮਾਇਤ ਪ੍ਰਾਪਤ ਵਿਦੇਸ਼ੀ ਹੈਂਡਲਰ ਸਨ ਮਾਸਟਰਮਾਈਂਡ

Politics Punjab

ਚੰਡੀਗੜ੍ਹ/ਲੁਧਿਆਣਾ, 5 ਨਵੰਬਰ:

ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਹਮਾਇਤ ਪ੍ਰਾਪਤ ਵਿਦੇਸ਼ੀ ਮੂਲ ਦੇ ਹਰਜੀਤ ਸਿੰਘ ਉਰਫ਼ ਲਾਡੀ ਅਤੇ ਸਾਬੀ ਦੁਆਰਾ ਚਲਾਏ ਜਾ ਰਹੇ ਮਾਡਿਊਲ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸ਼ਿਵ ਸੈਨਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੈਟਰੋਲ ਬੰਬ ਹਮਲਿਆਂ ਦੇ ਕੇਸ ਨੂੰ ਸੁਲਝਾ ਲਿਆ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਬੂਥਗੜ੍ਹ ਜ਼ਿਲ੍ਹਾ ਲੁਧਿਆਣਾ, ਰਵਿੰਦਰ ਪਾਲ ਸਿੰਘ ਉਰਫ਼ ਰਵੀ (38), ਮਨੀਸ਼ ਸਾਹਿਦ ਉਰਫ਼ ਸੰਜੂ (30) ਅਤੇ ਅਨਿਲ ਕੁਮਾਰ ਉਰਫ਼ ਹਨੀ (27) ਤਿੰਨੋਂ ਵਾਸੀ ਰਾਹੋਂ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਅਪਰਾਧ ਕਰਨ ਲਈ ਵਰਤਿਆ ਗਿਆ ਲਾਲ ਰੰਗ ਦਾ ਟੀਵੀਐਸ ਰੇਡਰ ਮੋਟਰਸਾਈਕਲ (ਪੀਬੀ 32 ਏਸੀ 3770) ਜ਼ਬਤ ਕੀਤਾ ਹੈ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਜ਼ਰੀਏ ਦੱਸਿਆ ਕਿ ਇਸ ਆਪ੍ਰੇਸ਼ਨ ਨਾਲ 16 ਅਕਤੂਬਰ, 2024 ਨੂੰ ਯੋਗੇਸ਼ ਬਖਸ਼ੀ ਦੀ ਰਿਹਾਇਸ਼ ‘ਤੇ ਹਮਲਾ ਅਤੇ ਹਾਲ ਹੀ ਵਿੱਚ 2 ਨਵੰਬਰ, 2024 ਨੂੰ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿੱਚ ਹਰਕੀਰਤ ਸਿੰਘ ਖੁਰਾਣਾ ਦੇ ਘਰ ‘ਤੇ ਹਮਲੇ ਸਬੰਧੀ ਘਟਨਾ ਸਮੇਤ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੈਟਰੋਲ ਬੰਬ ਦੀਆਂ ਦੋਵੇਂ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ 16 ਅਕਤੂਬਰ ਦੀ ਰਾਤ ਕਰੀਬ 9.40 ਵਜੇ ਹੈਬੋਵਾਲ, ਲੁਧਿਆਣਾ ਦੇ ਨਿਊ ਚੰਦਰ ਨਗਰ ਵਿਖੇ ਸਥਿਤ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰਬ ਸੁੱਟਿਆ ਸੀ। ਇਸ ਘਟਨਾ ਤੋਂ ਕਰੀਬ ਪੰਦਰਾਂ ਦਿਨਾਂ ਬਾਅਦ ਸ਼ਨੀਵਾਰ ਦੀ ਰਾਤ ਨੂੰ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਦੇ ਘਰ ‘ਤੇ ਵੀ ਇਸੇ ਤਰ੍ਹਾਂ ਦਾ ਪੈਟਰੋਲ ਬੰਬ ਹਮਲਾ ਹੋਇਆ।
ਡੀਜੀਪੀ ਨੇ ਕਿਹਾ ਕਿ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਪੰਜਾਬ ਦੇ ਨੰਗਲ ਵਿੱਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਵੀ ਲੋੜੀਂਦਾ ਮੁਲਜ਼ਮ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਉਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਨੂੰ ਟਰੇਸ ਕਰਨ ਲਈ ਤੁਰੰਤ ਕਾਰਵਾਈ ਕਰਦਿਆਂ ਡੀ.ਸੀ.ਪੀ. ਇਨਵੈਸਟੀਗੇਸ਼ਨ ਸ਼ੁਭਮ ਅਗਰਵਾਲ ਦੀ ਨਿਗਰਾਨੀ ਹੇਠ ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਉਹਨਾਂ ਅੱਗੇ ਦੱਸਿਆ ਕਿ ਸੀਆਈ ਟੀਮ ਦੀ ਅਗਵਾਈ ਏਆਈਜੀ ਸਿਮਰਤਪਾਲ ਸਿੰਘ ਢੀਂਡਸਾ ਕਰ ਰਹੇ ਸਨ, ਜਦਕਿ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਅਮਨਦੀਪ ਸਿੰਘ ਬਰਾੜ, ਏਡੀਸੀਪੀ ਜ਼ੋਨ-3 ਲੁਧਿਆਣਾ ਰਮਨਦੀਪ ਸਿੰਘ ਭੁੱਲਰ, ਏਸੀਪੀ ਸਿਵਲ ਲਾਈਨ ਲੁਧਿਆਣਾ ਆਕਰਸ਼ੀ ਜੈਨ ਅਤੇ ਏਸੀਪੀ ਵੈਸਟ ਲੁਧਿਆਣਾ ਗੁਰਦੇਵ ਸਿੰਘ ਵੱਖ-ਵੱਖ ਟੀਮਾਂ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਇਕੱਠੇ ਕੀਤੇ ਤਕਨੀਕੀ ਸਬੂਤਾਂ ਦੇ ਨਾਲ-ਨਾਲ ਬਾਰੀਕੀ ਨਾਲ ਕੀਤੀ ਗਈ ਜਾਂਚ ਸਦਕਾ ਦੋਵਾਂ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਬੀਕੇਆਈ ਮਾਡਿਊਲ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਸੀਪੀ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੁਲਜ਼ਮਾਂ ਵੱਲੋਂ ਦੋਵਾਂ ਅਪਰਾਧਾਂ ਵਿੱਚ ਵਰਤਿਆ ਗਿਆ ਲਾਲ ਰੰਗ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਅਨਿਲ ਉਰਫ ਹਨੀ ਅਤੇ ਰਵਿੰਦਰ ਉਰਫ ਰਵੀ ਦੋਵੇਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਪਾਏ ਗਏ, ਜਦੋਂਕਿ ਗ੍ਰਿਫਤਾਰ ਮੁਲਜ਼ਮ ਜਸਵਿੰਦਰ ਉਰਫ ਬਿੰਦਰ ਹੈਬੋਵਾਲ ‘ਚ ਹੋਈ ਘਟਨਾ ਵਿੱਚ ਉਹਨਾਂ ਦੇ ਨਾਲ ਸੀ। ਸੀਪੀ ਨੇ ਕਿਹਾ ਕਿ ਉਹਨਾਂ ਨੇ ਮਾਡਲ ਟਾਊਨ ਐਕਸਟੈਂਸ਼ਨ ਦੇ ਹੋਏ ਪੈਟਰੋਲ ਬੰਬ ਸੁੱਟਣ ਵਿੱਚ ਸ਼ਾਮਲ ਤੀਜੇ ਵਿਅਕਤੀ ਦੀ ਵੀ ਪਛਾਣ ਕਰ ਲਈ ਹੈ ਅਤੇ ਪੁਲਿਸ ਟੀਮਾਂ ਉਸਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ, ਜਿਹਨਾਂ ਵਿੱਚ ਥਾਣਾ ਹੈਬੋਵਾਲ, ਲੁਧਿਆਣਾ ਵਿਖੇ ਐਫ.ਆਈ.ਆਰ. ਨੰਬਰ 147 ਮਿਤੀ 21-10-2024 ਅਧੀਨ ਧਾਰਾ 125, 285, 324 ਬੀ.ਐਨ.ਐਸ. ਅਤੇ ਬਾਅਦ ਵਿੱਚ ਧਾਰਾ 113(2) ਬੀ.ਐਨ.ਐਸ. ਜੋੜੀ ਗਈ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ, ਲੁਧਿਆਣਾ ਵਿਖੇ ਐਫ.ਆਈ.ਆਰ ਨੰਬਰ 14 ਮਿਤੀ 02-11-20 2024 ਅਧੀਨ ਧਾਰਾ 125, 285, 324, 3(5) ਬੀਐਨਐਸ ਅਤੇ ਬਾਅਦ ਵਿੱਚ ਧਾਰਾ 113 (2) ਬੀਐਨਐਸ ਜੋੜੀ ਗਈ ਹੈ।