90 ਲੱਖ ਦੀ ਲਾਗਤ ਨਾਲ ਉਸਾਰੇ ਜਾਣਗੇ ਚਾਰ ਕਿਤਾਬ ਘਰ -ਐਮ.ਐਲ.ਏ ਸੇਖੋਂ

Faridkot

ਫ਼ਰੀਦਕੋਟ 23 ਫ਼ਰਵਰੀ,2024 

 ਬਾਬਾ ਫਰੀਦ ਦੀ ਪਾਵਨ ਚਰਨ ਛੋਹ ਧਰਤੀ ਦੇ ਇਸ ਜਿਲ੍ਹੇ ਵਿੱਚ ਜਲਦ ਹੀ ਚਾਰ ਕਿਤਾਬ ਘਰਾਂ ਦੇ ਉਸਾਰੀ ਕੀਤੀ ਜਾਵੇਗੀ ਤਾਂ ਜੋ ਇੱਥੋਂ ਦੇ ਨੌਜਵਾਨ ਪੜ੍ਹਾਈ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਤਕਰੀਬਨ 90 ਲੱਖ ਦੀ ਲਾਗਤ ਨਾਲ ਚਾਰ ਕਿਤਾਬ ਘਰਾਂ ਦੀ ਉਸਾਰੀ ਦਾ ਕੰਮ ਪਿੰਡ ਮੁਮਾਰਾ, ਬੀਹਲੇ ਵਾਲਾ, ਮਚਾਕੀ ਖੁਰਦ ਵਿਖੇ ਹੋਵੇਗਾ।

 ਅੱਜ ਢਿਲਵਾਂ ਖੁਰਦ ਵਿਖੇ ਪਹਿਲੇ ਕਿਤਾਬ ਘਰ ਦਾ ਨੀਹ ਪੱਥਰ ਰੱਖਣ ਉਪਰੰਤ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹਰ ਵਾਅਦਾ ਸਹਿਜ ਮਤੇ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੱਕ ਕਿਤਾਬ ਘਰ ਤੇ ਆਉਣ ਵਾਲਾ ਅੰਦਾਜਨ ਖਰਚਾ 22.47 ਲੱਖ ਰੁਪਏ ਹੈ। ਇੱਕ ਕਿਤਾਬ ਘਰ ਨੂੰ  990 ਵਰਗ ਫੁੱਟ ਥਾਂ ਵਿੱਚ ਬਣਾਉਣ ਦੀ ਤਜਵੀਜ ਹੈ। ਜਿਸ ਵਿੱਚ ਰਿਸੈਪਸ਼ਨ ਤੋਂ ਇਲਾਵਾ ਹੋਰ ਲੋੜੀਂਦਾ ਸਾਜੋ ਸਮਾਨ ਮੁਹਈਆ ਹੋਵੇਗਾ।

 ਉਹਨਾਂ ਦੱਸਿਆ ਕਿ ਇਮਾਰਤ ਬਣਨ ਉਪਰੰਤ ਹਰ ਕਿਤਾਬ ਘਰ ਵਿੱਚ ਬੈਠਣ ਲਈ ਟੇਬਲ, ਕੁਰਸੀਆਂ, ਕੰਪਿਊਟਰ ਅਤੇ ਚੁਣਵੀਆਂ ਕਿਤਾਬਾਂ, ਰਸਾਲੇ, ਅਖਬਾਰਾਂ ਅਤੇ ਮੈਗਜ਼ੀਨਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਇਹ ਤਜਵੀਜ ਪਿੰਡ ਵਿੱਚ ਰਹਿ ਰਹੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਲਾਹੇਵੰਦ ਸਾਬਿਤ ਹੋਵੇਗੀ ਕਿਉਂ ਜੋ ਉਹਨਾਂ ਨੂੰ ਘਰ ਦੇ ਨਜ਼ਦੀਕ ਹੀ ਪੜ੍ਹਾਈ ਦਾ ਢੁਕਵਾਂ ਮਾਹੌਲ ਮਿਲੇਗਾ। ਉਹਨਾਂ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰਾ ਆਮ ਲੋਕਾਂ ਦੀ ਹੀ ਸਰਕਾਰ ਹੈ, ਜਿਸ ਵਿੱਚ ਆਮ ਘਰਾਂ ਦੇ ਚੁਣੇ ਹੋਏ ਨੁਮਾਇੰਦੇ ਐਮ.ਐਲ.ਏ ਅਤੇ ਮੰਤਰੀ ਬਣੇ ਹਨ।

 ਉਹਨਾਂ ਕਿਹਾ ਕਿ ਨੌਜਵਾਨ ਵਰਗ ਵਾਸਤੇ ਇਸ ਸਰਕਾਰ ਵੱਲੋਂ ਜਿੱਥੇ ਖੇਡਾਂ ਵਾਸਤੇ ਪਿੰਡ ਪਿੰਡ ਵਿੱਚ ਜਿੰਮ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਉੱਥੇ ਨਾਲ ਹੀ ਹੁਣ ਪੁਸਤਕ ਘਰ ਵੀ ਜਲਦ ਹੀ ਤਿਆਰ ਹੋ ਜਾਣਗੇ। ਇਹਨਾਂ ਪੁਸਤਕ ਘਰਾਂ ਦੇ ਮੁਕੰਮਲ ਹੋਣ ਦੀ ਮਿਆਦ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੰਚਾਇਤੀ ਰਾਜ ਵਿਭਾਗ ਵੱਲੋਂ ਇਹਨਾਂ ਇਮਾਰਤਾਂ ਦੀ ਉਸਾਰੀ ਛੇ ਮਹੀਨੇ ਵਿੱਚ ਕਰ ਦਿੱਤੀ ਜਾਵੇਗੀ ਅਤੇ ਨੌ ਮਹੀਨੇ ਵਿੱਚ ਸਾਰੇ ਲੋੜੀਂਦੇ ਸਾਜੋ ਸਮਾਨ ਨਾਲ ਇਹ ਲਾਈਬ੍ਰੇਰੀ ਤਿਆਰ ਹੋ ਜਾਵੇਗੀ।

 ਇਸ ਮੌਕੇ ਬਲਜਿੰਦਰ ਸਿੰਘ ਜੇ.ਈ, ਨਿਖਿਲ ਗੋਇਲ ਐਸਡੀਓ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਗਿੱਲ, ਉਤਮ ਸਿੰਘ ਡੋਡ ਬਲਾਕ ਪ੍ਰਧਾਨ, ਸੰਦੀਪ ਸਿੰਘ, ਸੁਖਰਾਜ ਸਿੰਘ, ਗੁਰਸੇਵਕ ਸਿੰਘ ਬੁੱਟਰ, ਪ੍ਰਗਟ ਸਿੰਘ, ਗੁਰਮੇਲ ਸਿੰਘ ਸੇਖੋਂ, ਜਗਦੇਵ ਸਿੰਘ, ਬੂਟਾ ਸਿੰਘ, ਰੇਸ਼ਮ ਸਿੰਘ ਹਾਜ਼ਰ ਸਨ।